16/05/2026
ਕਿਵੇਂ ਚੈਨ ਦੀ ਨੀਂਦ ਲੈ ਸਕਦੇ ਹਾਂ ਅਸੀਂ..?
ਪਿਛਲੇ ਦਿਨੀ ਇੱਕ ਸਮਾਜਿਕ ਸਮਾਗਮ ਦੌਰਾਨ ਇੱਕ ਦੋਸਤ ਦੇ ਜਾਣਕਾਰ ਇੱਕ ਡਾਕਟਰ (ਮੈਡੀਸਨ) ਨਾਲ ਮੁਲਾਕਾਤ ਹੋਈ। ਗੱਲਾਂ-ਗੱਲਾਂ ’ਚ ਡਾਕਟਰੀ ਪੇਸ਼ੇ ਦੇ ਵੱਖ-ਵੱਖ ਪਹਿਲੂਆਂ ਬਾਰੇ ਗੱਲਾਂ ਹੋਣ ਲੱਗੀਆਂ। ਡਾਕਟਰ ਨੇ ਆਪਣੇ ਪੇਸ਼ੇ ਦੇ ਮਾੜੇ-ਚੰਗਾ ਪੱਖਾਂ ਨੂੰ ਧਿਆਨ ਨਾਲ ਸੁਣਿਆ ਤੇ ਬੜੇ ਠਰੰਮੇ ਨਾਲ ਜੁਆਬ ਦਿੱਤੇ। ਇਨ੍ਹੇ ਨੂੰ ਖਾਣੇ ਦਾ ਸੱਦਾ ਆ ਗਿਆ। ਮੈਂ ਡਾਕਟਰ ਨੂੰ ਜਾਂਦੇ-ਜਾਂਦੇ ਪੁੱਛ ਲਿਆ।
“ਤੁਸੀਂ ਕਿੱਥੇ ਕੰਮ ਕਰ ਰਹੇ ਹੋ?
“ਫਿਲਹਾਲ ਵਿਹਲਾ ਈ ਆ ਜੀ.., ਪਿਛਲੇ ਹਫ਼ਤੇ ਹੀ ਗੁੜਗਾਓਂ ਦੇ ਇੱਕ ਨਾਮੀ ਹਸਪਤਾਲ ’ਚੋਂ ਨੌਕਰੀ ਛੱਡ ਕੇ ਆਇਆ।”
“ਕਿਉਂ ਤਨਖ਼ਾਹ ਘੱਟ ਸੀ ਜਾਂ ਕੋਈ ਹੋਰ ਕਾਰਨ..?”
“ਤਨਖ਼ਾਹ ਤਾਂ ਚੰਗੀ ਸੀ ਤਿੰਨ ਕੁ ਲੱਖ ਰੁਪਏ.., ਬੱਸ ਕੰਮ ਰਾਸ ਨੀ ਆਇਆ?”
“ਏਨੀਂ ਵਧੀਆ ਤਨਖ਼ਾਹ.., ਫਿਰ ਵੀ ਕੰਮ ਰਾਸ ਨੀ ਆਇਆ?”
“ਇਕੱਲੀ ਤਨਖ਼ਾਹ ਈ ਨੀ ਦੇਖੀ ਜਾਂਦੀ ਜੀ.., ਸੰਤੁਸ਼ਟੀ ਵੀ ਜ਼ਰੂਰੀ ਏ।”
“ਏਹ ਤਾਂ ਹੈ ਪਰ ਹੋਇਆ ਕੀ..?”
“ਚਲੋ ਛੱਡੋ ਜੀ.., ਜਿਸ ਕੰਮ ਨੂੰ ਤਿਆਗ ਹੀ ਦਿੱਤਾ ਹੋਵੇ, ਉਸ ਨੂੰ ਵਾਰ-ਵਾਰ ਕੀ ਫਰੋਲਣਾ।”
“ਮੈਂ ਦੱਸਦਾ ਵੀਰ ਜੀ.., ਹਸਪਤਾਲ ਵਾਲਿਆਂ ਨੇ ਜਦੋਂ ਏਨ੍ਹਾਂ ਨੂੰ ਨੌਕਰੀ ’ਤੇ ਰੱਖਿਆ ਸੀ ਤਾਂ ਇੱਕ ਕਰੋੜ ਸਾਲ ਦਾ ਟਾਰਗੈੱਟ ਦਿੱਤਾ ਸੀ।” ਸਾਡੇ ਸਾਂਝੇ ਦੋਸਤ ਨੇ ਅਸਲੀ ਗੱਲ ਛੇੜ ਲਈ।
“ਟਾਰਗੈੱਟ ਦਾ ਕੀ ਮਤਲਬ..?”
“ਮਤਲਬ ਲੋਕਾਂ ਨੂੰ ਵੱਡੀਆਂ-ਵੱਡੀਆਂ ਬਿਮਾਰੀਆਂ ਲਗਾਉਣੀਆਂ ਭਾਵ ਝੂਠੀਆਂ-ਮੂਠੀਆਂ ਦੱਸਣੀਆਂ ਤੇ ਮੋਟੇ ਪੈਸੇ ਬਟੋਰਨੇ।”
ਮੈਂ ਇਹ ਗੱਲ ਸੁਣ ਕੇ ਦੰਗ ਰਹਿ ਗਿਆ। “ਅੱਛਾ ਜੀ ਇਹ ਵੀ ਹੁੰਦੈ..?”
“ਹਾਂ ਵੀਰ ਜੀ ਐ ਈ ਚਲਦੇ ਨੇ ਵੱਡੇ-ਵੱਡੇ ਹਸਪਤਾਲ।”
“ਫਿਰ ਡਾਕਟਰ ਸਾਹਬ ਟਾਰਗੈੱਟ ਪੂਰਾ ਨੀ ਹੋਇਆ..? ਮੈਂ ਡਾਕਟਰ ਨੂੰ ਸਿੱਧਾ ਸੁਆਲ ਕੀਤਾ।
“ਮੈਂ ਤਿੰਨ ਕੁ ਮਹੀਨੇ ਟਾਰਗੈੱਟ ਸਿਸਟਮ ਅਨੁਸਾਰ ਚੱਲਿਆ ਤੇ ਹਰ ਰੋਜ਼ ਇੱਕ-ਦੋ ਮਰੀਜ਼ਾਂ ਨੂੰ ਕੈਂਸਰ, ਟੀਬੀ ਜਾਂ ਹੋਰ ਕੋਈ ਗੰਭੀਰ ਬਿਮਾਰੀ ਹੋਣ ਦਾ ਝੂਠ ਮਾਰ ਕੇ, ਟੈਸਟਾਂ ਤੇ ਦਵਾਈਆਂ ਰਾਹੀਂ ਚੰਗੇ ਪੈਸੇ ਹਸਪਤਾਲ ਨੂੰ ਕਮਾ ਕੇ ਦਿੰਦਾ। ਪਰ ਹੌਲੀ-ਹੌਲੀ ਮੇਰੀ ਰਾਤਾਂ ਦੀ ਨੀਂਦ ਉੱਡਣ ਲੱਗੀ।”
“ਅੱਛਾ ਜੀ ਫਿਰ ਕੀ ਹੋਇਆ..?” ਮੇਰੀ ਡਾਕਟਰ ਦੀ ਪੂਰੀ ਹੱਡਬੀਤੀ ਸੁਣਨ ਦੀ ਤਾਂਘ ਵਧ ਗਈ।
“ਇੱਕ ਦਿਨ ਮੈਂ ਸੋਚਿਆ ਕਿ ਮੇਰੇ ਪਿਤਾ ਜੀ ਸਕੂਲ ਅਧਿਆਪਕ ਸਨ ਤੇ ਉਨ੍ਹਾਂ ਦੀ ਤਨਖ਼ਾਹ ਹਜ਼ਾਰਾਂ ’ਚ ਸੀ। ਉਨ੍ਹਾਂ ਨੇ ਫਿਰ ਵੀ ਸਾਨੂੰ ਦੋਨਾਂ ਭੈਣ-ਭਰਾਵਾਂ ਨੂੰ ਮਹਿੰਗੀਆਂ ਪੜ੍ਹਾਈਆਂ ਕਰਵਾਕੇ, ਨੌਕਰੀਆਂ ਦੇ ਸਿਰੇ ਕਰ ਦਿੱਤਾ। ਉਨ੍ਹਾਂ ਨੇ ਤਾਂ ਘਰ-ਪਰਿਵਾਰ ਚਲਾਉਣ ਲਈ ਕੋਈ ਗਲਤ ਕੰਮ ਨੀ ਕੀਤਾ ਤੇ ਸਕੂਨ ਨਾਲ ਜਿਉਂ ਰਹੇ ਨੇ। ਫਿਰ ਮੈਂ ਵੀ ਐਸਾ ਕਿਉਂ ਨਹੀਂ ਕਰ ਸਕਦਾ। ਇਸੇ ਕਰਕੇ ਝੂਠੇ ਮਾਇਆ ਜਾਲ਼ ਵਾਲੀ ਨੌਕਰੀ ਤਿਆਗ ਦਿੱਤੀ। ਬੱਸ ਹੁਣ ਸੋਚ ਲਿਆ ਕਿਸੇ ਛੋਟੇ ਹਸਪਤਾਲ ’ਚ ਆਪਣੀਆਂ ਸ਼ਰਤਾਂ ’ਤੇ ਘੱਟ ਤਨਖ਼ਾਹ ਤੇ ਜਾਂ ਸਰਕਾਰੀ ਨੌਕਰੀ ਕਰਕੇ ਆਪਣਾ ਪਰਿਵਾਰ ਪਾਲ਼ ਲਵਾਂਗਾਂ।”
ਢਾਕਟਰ ਦੀ ਗੱਲ ਨੇ ਮੈਨੂੰ ਸੁੰਨ ਕਰ ਦਿੱਤਾ। ਜੇਕਰ ਹਰ ਕੋਈ ਇਨਸਾਨ ਅਜਿਹਾ ਸੋਚ ਲਵੇ ਤਾਂ ਅਸੀਂ ਬਹੁਤ ਸਾਰੀਆਂ ਆਪੇ ਸਹੇੜੀਆਂ ਮੁਸ਼ਕਲਾਂ ’ਚੋਂ ਨਿੱਕਲ ਜਾਵਾਂਗੇ।
ਸਮਝੋ ਦੋਸਤੋ ਜੀਵਨ ਬਸਰ ਕਰਨ ਲਈ ਜੇਕਰ ਅਸੀਂ ਇਕੱਲਾ ਦਿਮਾਗ ਹੀ ਲੜਾਉਂਦੇ ਰਹਾਂਗੇ ਤੇ ਦਿਲ ਦੀ ਨਹੀਂ ਸੁਣਾਗੇ ਤਾਂ ਕਦੇ ਵੀ ਸਕੂਨ ਨਾਲ ਨਹੀਂ ਜਿਉਂ ਸਕਦੇ। ਸੋ ਕਮਾਈ ਭਾਵੇਂ ਘੱਟ ਹੋਵੇ ਪਰ ਸੱਚੀ-ਸੁੱਚੀ ਹੋਵੇ ਤਾਂ ਤੁਸੀਂ ਰਾਤ ਨੂੰ ਚੈਨ ਨਾਲ ਸੌਵੋਂਗੇ ਵੀ ਤੇ ਦਿਨ ’ਚ ਚਾਅ ਨਾਲ ਕੰਮ ਕਰੋਗੇ।
ਡਾ. ਸੁਖਦਰਸ਼ਨ ਸਿੰਘ ਚਹਿਲ