31/07/2026
ਜੰਝੈਲੀ ਵੈਲੀ - ਮੰਡੀ (ਹਿਮਾਚਲ ਪ੍ਰਦੇਸ਼)
" ਕੁੱਝ ਥਾਵਾਂ ਤਸਵੀਰਾਂ ਨਾਲੋਂ ਵੀ ਸੋਹਣੀਆਂ ਹੁੰਦੀਆਂ ਹਨ, ਅਤੇ ਕੁੱਝ ਤਸਵੀਰਾਂ ਅਸਲ ਨਜ਼ਾਰਿਆਂ ਅੱਗੇ ਫਿੱਕੀਆਂ ਪੈ ਜਾਂਦੀਆਂ ਹਨ "
ਬਿਲਕੁਲ ਇਸੇ ਤਰ੍ਹਾਂ ਹੀ ਦੂਰ ਪਹਾੜਾਂ ਦੀ ਗੋਦ ਵਿੱਚ ਕੁੱਝ ਅਲੌਕਿਕ ਕੁਦਰਤੀ ਸੁਹੱਪਣ ਭਰਪੂਰ ਦ੍ਰਿਸ਼ ਅਜਿਹੇ ਵੀ ਹੁੰਦੇ ਹਨ, ਜੋ ਆਮ ਸੈਲਾਨੀਆਂ ਦੀ ਪਹੁੰਚ ਤੋਂ ਪਰੇ ਹੁੰਦੇ ਹਨ। ਕਿਉਂਕਿ ਇਹੋ ਜਹੀਆਂ ਥਾਵਾਂ ਨੂੰ ਦੇਖਣ ਲਈ ਔਖੇ ਰਸਤਿਆਂ ਤੇ ਸਫ਼ਰ ਤੈਅ ਕਰਨੇ ਪੈਂਦੇ। ਅਜਿਹੀਆਂ ਥਾਵਾਂ ਤੇ ਸਿਰਫ਼ ਕੁਦਰਤ ਪ੍ਰੇਮੀ ਹੀ ਹਿੰਮਤ ਕਰਕੇ ਪਹੁੰਚ ਸਕਦੇ ਹਨ, ਤੇ ਜਦੋਂ ਅਸੀਂ ਕਾਇਨਾਤ ਦੇ ਉਹਨਾਂ ਅੱਦਭੁਤ ਨਜ਼ਾਰਿਆਂ ਨੂੰ ਆਪਣੀਆਂ ਅੱਖਾਂ ਨਾਲ ਦੇਖਦੇ ਹਾਂ, ਤਾਂ ਯਕੀਨ ਨਹੀਂ ਹੁੰਦਾ ਕਿ ਸੱਚੀ ਹੀ ਇਸ ਧਰਤੀ ਤੇ ਅਥਾਹ ਕੁਦਰਤੀ ਸੁਹੱਪਣ ਸਾਂਭੀ ਬੈਠੀਆਂ ਇਹੋ ਜਿਹੀਆਂ ਰਮਣੀਕ ਥਾਵਾਂ ਵੀ ਮੌਜੂਦ ਹਨ। ਉਸ ਸਮੇਂ ਮਹਿਸੂਸ ਹੁੰਦਾ ਹੈ ਕਿ ਸੱਚੀ ਹੀ ਕੁਦਰਤ ਕਿੰਨੀਂ ਬੇਅੰਤ ਹੈ। ਜਿਸਦਾ ਮੁਕਾਬਲਾ ਬੰਦੇ ਦੀ ਬਣਾਈ ਹੋਈ ਕੋਈ ਵੀ ਚੀਜ਼ ਨਹੀਂ ਕਰ ਸਕਦੀ। ਬਹੁਤ ਪੁਰਾਣੀ ਗੱਲ ਹੈ, ਮੈਂ ਇੱਕ ਵਾਰ ਅਖ਼ਬਾਰ ਵਿੱਚ ਘੁੰਮਣ ਫਿਰਨ ਨਾਲ ਸੰਬੰਧਿਤ ਆਰਟੀਕਲ ਪੜ੍ਹਿਆ ਸੀ, ਜਿਸ ਵਿੱਚ ਹਿਮਾਚਲ ਪ੍ਰਦੇਸ਼ ਦੀ ਇੱਕ ਖੂਬਸੂਰਤ "ਝੰਜੈਲੀ ਵੈਲੀ" ਦਾ ਜ਼ਿਕਰ ਕੀਤਾ ਹੋਇਆ ਸੀ, ਜਿੱਥੇ ਸੈਲਾਨੀ ਘੱਟ ਹੀ ਜਾਂਦੇ ਹਨ, ਕਿਉਂਕਿ ਉੱਥੇ ਸਹੂਲਤਾਂ ਦੀ ਵੀ ਕਮੀਂ ਹੈ ਅਤੇ ਸੜਕਾਂ ਵੀ ਜੋਖ਼ਮ ਭਰੀਆਂ ਹਨ। ਲੇਕਿਨ ਅਣਛੋਹੀਆਂ ਥਾਵਾਂ ਨੂੰ ਲੱਭਣ ਲਈ ਅਡਵੈਚਰ ਪਸੰਦ ਘੁਮੱਕੜ ਉੱਥੇ ਪਹੁੰਚ ਹੀ ਜਾਂਦੇ ਹਨ। ਓਸ ਆਰਟੀਕਲ ਨੂੰ ਪੜ੍ਹਨ ਤੋਂ ਬਾਅਦ ਜੰਝੈਲੀ ਵੈਲੀ ਨੂੰ ਦੇਖਣ ਦੀ ਲਾਲਸਾ ਮਨ ਦੇ ਅੰਦਰ ਵਧਣ ਲੱਗੀ ਤੇ ਜਗਿਆਸਾ ਵੱਸ ਉਸ ਖੂਬਸੂਰਤ ਸਥਾਨ ਦੇ ਕਲਪਨਾਮਈ ਦ੍ਰਿਸ਼ ਮੱਲੋਮੱਲੀ ਜ਼ਹਿਨ ਵਿੱਚ ਦੌੜਨ ਲੱਗੇ।
ਪਹਿਲੀ ਜੂਨ ਨੂੰ ਗਰਮੀਆਂ ਦੀਆਂ ਛੁੱਟੀਆਂ ਦੀ ਘੋਸ਼ਣਾ ਹੁੰਦੇ ਸਾਰ ਹੀ, ਦੋਸਤਾਂ ਮਿੱਤਰਾਂ ਨਾਲ ਵਿਚਾਰ ਵਟਾਂਦਰੇ ਸ਼ੁਰੂ ਹੋ ਗਏ ਕਿ ਇਸ ਵਾਰ ਕਿਹੜੇ ਅਣਦੇਖੇ ਪਹਾੜੀ ਇਲਾਕੇ ਦੀ ਸੈਰ ਕੀਤੀ ਜਾਵੇ। ਸਭ ਨੇਂ ਆਪਣੇ - ਆਪਣੇਂ ਸੁਝਾਅ ਦਿੱਤੇ ਕਿ ਸਾਨੂੰ ਭੀੜ-ਭਾੜ ਤੋਂ ਦੂਰ ਕਿਸੀ ਐਸੀ ਸ਼ਾਂਤ ਅਤੇ ਸਕੂਨ ਭਰੀ ਜਗ੍ਹਾ ਤੇ ਜਾਣਾ ਚਾਹੀਦਾ ਹੈ ਜਿੱਥੇ ਨਾ ਤਾਂ ਟ੍ਰੈਫਿਕ ਜਾਮ ਹੋਣ ਅਤੇ ਨਾ ਹੀ ਬੇਲੋੜਾ ਰੌਲਾ ਰੱਪਾ। ਕਿਉਂਕਿ ਸ਼ੋਸ਼ਲ ਮੀਡੀਆ ਤੇ ਸਭ ਪਾਸੇ ਤੋਂ ਹਿਮਾਚਲੀ ਅਤੇ ਪੰਜਾਬੀਆਂ ਦੇ ਵਿਚਕਾਰ ਬੇਲੋੜੀਆਂ ਲੜਾਈ ਝਗੜੇ ਦੀਆਂ ਖਬਰਾਂ ਤੇਜ਼ੀ ਨਾਲ ਫੈਲ ਰਹੀਆਂ ਸਨ। ਇਸ ਲਈ ਅਸੀਂ ਮਜ਼ੇ ਲਈ ਘੁੰਮਣ ਜਾਣਾਂ ਚਾਹੁੰਦੇ ਸੀ ਨਾ ਕਿ ਸਜ਼ਾ ਲਈ। ਇਸ ਸਮੱਸਿਆ ਦਾ ਇੱਕੋ-ਇੱਕ ਹੱਲ ਹੈ ਕਿ ਅਜਿਹੇ ਪਹਾੜੀ ਇਲਾਕੇ ਵਿੱਚ ਜਾਓ ਜਿੱਥੇ ਟੂਰਿਸਟ ਜਾਂਦੇ ਹੀ ਨਾ ਹੋਣ, ਸਿਰਫ਼ ਅਸੀਂ ਹੋਈਏ, ਕੁਦਰਤ ਹੋਵੇ ਅਤੇ ਭੋਲੇ-ਭਾਲੇ ਮਿਲਣਸਾਰ ਸਥਾਨਕ ਲੋਕ ਹੋਣ। ਵੈਸੇ ਤਾਂ ਹਿਮਾਚਲ ਪ੍ਰਦੇਸ਼ ਵਿੱਚ ਹਾਲੇ ਵੀ ਬੇਸ਼ੁਮਾਰ ਅਜਿਹੀਆਂ ਥਾਵਾਂ ਮੌਜੂਦ ਹਨ, ਜੋ ਕਿ ਸੈਲਾਨੀਆਂ ਦੀ ਭੀੜ ਤੋਂ ਬਚੀਆਂ ਹੋਈਆਂ ਹਨ। ਜਿਹਨਾਂ ਦੀ ਸੂਚੀ ਬਹੁਤ ਲੰਮੀ ਹੈ। ਚਾਰ ਪੰਜ ਥਾਵਾਂ ਤੇ ਵਿਚਾਰ ਕਰਨ ਤੋਂ ਬਾਅਦ ਸਾਰੇ ਮਿੱਤਰਾਂ ਨੇਂ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਵਿੱਚ ਪੈਂਦੀ "ਜੰਝੈਲੀ ਵੈਲੀ" ਦੇਖਣ ਦੀ ਸਹਿਮਤੀ ਪ੍ਰਗਟਾਈ। ਵੈਸੇ ਤਾਂ ਅਸੀਂ ਹੁਣ ਤੱਕ ਅਣਗਿਣਤ ਨਵੀਆਂ ਥਾਵਾਂ ਘੁੰਮ ਚੁੱਕੇ ਹਾਂ, ਲੇਕਿਨ ਇਸ ਵਾਰ ਕੁੱਝ ਨਵਾਂ,ਮਜ਼ੇਦਾਰ ਅਤੇ ਅਡਵੈਚਰ ਭਰਪੂਰ ਕਰਨ ਦਾ ਪਲਾਨ ਤਿਆਰ ਕੀਤਾ ਗਿਆ। ਇਸੇ ਲਈ ਤਿੰਨ ਦਿਨਾਂ ਦੇ ਟੂਰ ਦੌਰਾਨ ਹੋਟਲਾਂ ਦੀ ਥਾਂ ਤੇ ਟੈਂਟਾਂ ਵਿੱਚ ਰੁਕਣਾ ਅਤੇ ਢਾਬਿਆਂ ਤੋਂ ਖਾਣ ਦੀ ਥਾਂ ਤੇ ਖਾਣਾਂ ਖੁੱਦ ਤਿਆਰ ਕਰਨ ਦਾ ਫੈਸਲਾ ਕੀਤਾ। ਫਿਰ ਕੀ ਸੀ ਨਾਈਟ ਕੈਂਪਿੰਗ ਲਈ ਟੈਂਟਾਂ ਦਾ ਅਤੇ ਤਿੰਨ ਦਿਨਾਂ ਲਈ ਖਾਣ ਪੀਣ ਦਾ ਸਾਰਾ ਪ੍ਰਬੰਧ ਕਰ ਲਿਆ ਗਿਆ।
ਜਦੋਂ ਟੂਰ ਪਲਾਨ ਕੀਤਾ ਗਿਆ ਸੀ ਤਾਂ ਘੁੰਮਣ ਜਾਣ ਲਈ ਤਿਆਰ ਮੈਂਬਰਾਂ ਦੀ ਗਿਣਤੀ 9 ਸੀ, ਲੇਕਿਨ ਜਦੋਂ ਇੱਕ ਦੋ ਦਿਨ ਰਹਿ ਗਏ ਤਾਂ ਚਾਰ ਸਾਥੀਆਂ ਨੂੰ ਕਿਸੀ ਨਾ ਕਿਸੀ ਮਜਬੂਰ ਦੇ ਕਰਕੇ ਟੂਰ ਰੱਦ ਕਰਨਾ ਪਿਆ। ਕਿਉਂਕਿ ਹੁੰਦਾ ਤਾਂ ਓਹੀ ਹੈ ਜੋ ਪ੍ਰਮਾਤਮਾ ਨੂੰ ਮੰਜ਼ੂਰ ਹੋਵੇ। ਫਿਰ ਮਿਤੀ 12 ਜੂਨ ਦਿਨ ਸ਼ੁੱਕਰਵਾਰ ਨੂੰ ਅਸੀਂ ਤਿੰਨ ਜਣੇਂ ਹੁਸ਼ਿਆਰਪੁਰ ਤੋਂ ਅਤੇ ਸਾਡੇ ਮਿੱਤਰ ਐਡਵੋਕੇਟ ਅਵਤਾਰ ਸਿੰਘ ਜੀ ਆਪਣੇ ਬੇਟੇ ਨਾਲ ਨਕੋਦਰ ਤੋਂ ਪਹਾੜਾਂ ਦੇ ਆਨੰਦ ਨੂੰ ਮਾਨਣ ਲਈ ਘਰੋਂ ਚੱਲ ਪਏ। ਮੈਂ ਗੱਡੀ ਵਿੱਚ ਬੈਠਦੇ ਸਾਰ ਹੀ ਮਾਂ ਸ਼ਿਕਾਰੀ ਦੇਵੀ ਨੂੰ ਯਾਦ ਕਰਦਿਆਂ ਹੱਥ ਜੋੜ ਬੇਨਤੀ ਕੀਤੀ ਕਿ ਹੇ ਮਾਤਾ ਅਸੀਂ ਤੁਹਾਡੇ ਚਰਨਾਂ ਵਿੱਚ ਨਤਮਸਤਕ ਹੋਣ ਆ ਰਹੇ ਹਾਂ, ਆਪਣਾਂ ਆਸ਼ੀਰਵਾਦ ਬਣਾਈਂ ਰੱਖਣਾ ਅਤੇ ਯਾਤਰਾਂ ਸਫ਼ਲ ਕਰਨਾ, ਯਾਤਰਾ ਆਨੰਦਦਾਇਕ ਰਹੇ ਅਤੇ ਹਰ ਅੜਚਣ ਦੂਰ ਕਰਨਾ (ਤੇ ਹੋਇਆ ਵੀ ਇਸੇ ਤਰ੍ਹਾਂ ਹੀ) ਅਸੀਂ ਪੂਰੇ 9 ਵਜੇ ਕੀਰਤਪੁਰ ਸਾਹਿਬ ਵਿਖੇ ਇਕੱਠੇ ਹੋਣ ਦਾ ਫੈਸਲਾ ਕੀਤਾ। ਸੜਕਾਂ ਸਾਫ਼ ਸੁਥਰੀਆਂ ਅਤੇ ਸਵੇਰੇ-ਸਵੇਰੇ ਟ੍ਰੈਫਿਕ ਘੱਟ ਹੋਣ ਕਰਕੇ ਅਸੀਂ 9 ਵਜੇ ਤੋਂ ਵੀ ਪਹਿਲਾਂ ਕੀਰਤਪੁਰ ਸਾਹਿਬ ਪਹੁੰਚ ਗਏ, ਅਤੇ ਕੁੱਝ ਸਮਾਂ ਇੰਤਜ਼ਾਰ ਕਰਨ ਤੋਂ ਬਾਅਦ ਅਵਤਾਰ ਸਿੰਘ ਜੀ ਸਾਡੇ ਨਾਲ ਆ ਰਲੇ। ਫਿਰ ਅਸੀਂ ਬਿਨਾਂ ਦੇਰੀ ਵਾਹਿਗੁਰੂ ਜੀ ਦਾ ਨਾਮ ਲੈ ਕੀਰਤਪੁਰ ਤੋਂ ਮਨਾਲੀ ਨੈਸ਼ਨਲ ਹਾਈਵੇ ਤੇ ਆਪਣਾਂ ਸਫ਼ਰ ਸ਼ੁਰੂ ਕਰ ਦਿੱਤਾ। ਜਿਵੇਂ ਕਿ ਸੋਸ਼ਲ ਮੀਡੀਆ ਤੇ ਸੁਣਿਆਂ ਹੋਇਆ ਸੀ ਕੇ ਗਰਮੀਆਂ ਦੀਆਂ ਛੁੱਟੀਆਂ ਕਰਕੇ ਸੈਲਾਨੀਆਂ ਦੀ ਭੀੜ ਪਹਾੜਾਂ ਵੱਲ ਲਗਾਤਾਰ ਵੱਧ ਰਹੀ ਹੈ, ਸਾਨੂੰ ਏਹੋ ਜਿਹਾ ਕੁੱਝ ਵੀ ਨਜ਼ਰ ਨਹੀਂ ਆਇਆ। ਹਾਈਵੇ ਉਪਰ ਠੀਕ ਠਾਕ ਗੱਡੀਆਂ ਚੱਲ ਰਹੀਆਂ ਸਨ ਅਤੇ ਕਿਸੇ ਵੀ ਕਿਸਮ ਦਾ ਕੋਈ ਟ੍ਰੈਫਿਕ ਜਾਮ ਜਾਂ ਕੋਈ ਹੋਰ ਦਿੱਕਤ ਨਹੀਂ ਸੀ।
ਸਾਫ਼ ਸੁਥਰੀਆਂ ਚੌੜੀਆਂ ਸੜਕਾਂ ਅਤੇ ਨਵੇਂ ਬਣੇ ਪੁਲਾਂ ਦੇ ਕਰਕੇ ਇਹ ਅਹਿਸਾਸ ਹੀ ਨਹੀਂ ਹੋ ਰਿਹਾ ਸੀ ਕਿ ਅਸੀਂ ਪਹਾੜਾਂ ਵਿੱਚ ਗੱਡੀ ਚਲਾ ਰਹੇ ਹਾਂ। ਰਾਹ ਵਿੱਚ ਇੱਕ ਤੋਂ ਬਾਅਦ ਇੱਕ ਲਗਾਤਾਰ ਸੁਰੰਗਾਂ ਆ ਰਹੀਆਂ ਸਨ, ਜੋ ਕਿ ਆਧੁਨਿਕ ਵਿਕਸਤ ਭਾਰਤ ਨੂੰ ਪੇਸ਼ ਕਰ ਰਹੀਆਂ ਸਨ। ਅਸੀਂ ਜਿਵੇਂ ਹੀ ਬਿਲਾਸਪੁਰ ਤੋਂ ਸੁੰਦਰ ਨਗਰ ਵੱਲ ਨੂੰ ਵਧੇ ਅਚਾਨਕ ਮੌਸਮ ਨੇਂ ਕਰਵਟ ਬਦਲੀ ਤੇ ਦੇਖਦੇ ਹੀ ਦੇਖਦੇ ਕਾਲੀਆਂ ਘਟਾਵਾਂ ਨੇਂ ਆ ਘੇਰਿਆ। ਹਲਕੀ-ਹਲਕੀ ਬੂੰਦਾਂ- ਬਾਂਦੀ ਇੱਕ ਦਮ ਤੇਜ਼ ਹਵਾਵਾਂ ਨਾਲ ਭਾਰੀ ਮੂਸਲਾਧਾਰ ਮੀਂਹ ਵਿੱਚ ਬਦਲ ਗਈ, ਫਿਰ ਉਹ ਹੋਇਆ ਜਿਸਦਾ ਸਾਨੂੰ ਅੰਦਾਜ਼ਾ ਵੀ ਨਹੀਂ ਸੀ। ਬੇਹੱਦ ਜ਼ੋਰਦਾਰ ਐਣ ਸ਼ੁਰੂ ਹੋ ਗਈ ਅਤੇ ਗੜੇਮਾਰੀ ਏਨੀਂ ਜ਼ਿਆਦਾ ਸੀ ਕਿ ਅੱਗੇ ਕੁੱਝ ਵੀ ਨਜ਼ਰ ਨਹੀਂ ਸੀ ਆ ਰਿਹਾ। ਸਾਨੂੰ ਇੰਝ ਲੱਗਾ ਜਿਵੇਂ ਸਾਡੀ ਗੱਡੀ ਪੱਧਰੀ ਸੜਕ ਤੋਂ ਭਟਕ ਕੇ ਬਰਫ਼ ਦੇ ਪਹਾੜ ਵਿੱਚ ਜਾ ਵੱਜੀ ਹੋਵੇ। ਗੜਿਆਂ ਦਾ ਆਕਾਰ ਦੇਖ ਇੱਕ ਵਾਰ ਤਾਂ ਮਨ ਵਿੱਚ ਡਰ ਬੈਠ ਗਿਆ ਕਿ ਕਿਤੇ ਗੱਡੀ ਦੇ ਸ਼ੀਸ਼ੇ ਹੀ ਨਾ ਟੁੱਟ ਜਾਣ।
ਸੁਰੱਖਿਆ ਦੇ ਮੱਦੇਨਜ਼ਰ ਅਸੀਂ ਉਸੇ ਸਮੇਂ ਗੱਡੀ ਸੜਕ ਕਿਨਾਰੇ ਇੱਕ ਢਾਬੇ ਤੇ ਖੜੀ ਕੀਤੀ ਅਤੇ ਮੌਸਮ ਠੀਕ ਹੋਣ ਤੱਕ ਰੁਕਣਾ ਹੀ ਮੁਨਾਸਿਬ ਸਮਝਿਆ।ਫਿਰ ਅਸੀਂ ਕੁੱਝ ਸਮਾਂ ਰੁਕ ਕੇ ਢਾਬੇ ਤੋਂ ਗਰਮਾਂ ਗਰਮ ਚਾਹ ਪੀਤੀ ਅਤੇ ਤਿੰਨ ਦਿਨਾਂ ਦੇ ਕੈਂਪਿੰਗ ਟੂਰ ਸੰਬੰਧੀ ਬਾਕੀ ਸਲਾਹ ਮਸ਼ਵਰਾ ਕੀਤਾ।
ਲੋਕਾਂ ਤੋਂ ਸੁਣਿਆ ਕਰਦੇ ਸੀ ਕਿ ਪਹਾੜਾਂ ਵਿੱਚ ਮੌਸਮ ਅਚਾਨਕ ਆਪਣਾਂ ਰੰਗ ਬਦਲਦਾ ਹੈ। ਇਸ ਸੱਚ ਨੂੰ ਅੱਜ ਅਸੀਂ ਆਪਣੇ ਅੱਖੀਂ ਦੇਖਿਆ ਅਤੇ ਮਹਿਸੂਸ ਵੀ ਕੀਤਾ। ਲੱਗਭਗ ਇੱਕ ਘੰਟਾ ਜ਼ੋਰਦਾਰ ਮੀਂਹ ਪੈਣ ਤੋਂ ਬਾਅਦ ਮੌਸਮ ਐਨਾਂ ਜ਼ਿਆਦਾ ਸਾਫ਼ ਅਤੇ ਸੁਖਦ ਹੋ ਗਿਆ ਕਿ ਜਿਸਦੀ ਅਸੀਂ ਕਲਪਨਾ ਵੀ ਨਹੀਂ ਕੀਤੀ ਸੀ। ਗੱਡੀ ਵਿੱਚ ਬੈਠਿਆਂ ਆਸੇ ਪਾਸੇ ਦੇ ਦ੍ਰਿਸ਼ ਇੰਝ ਲੱਗ ਰਹੇ ਸਨ ਜਿਵੇਂ ਪਰਦੇ ਤੇ full HD ਫ਼ਿਲਮ ਚੱਲ ਰਹੀ ਹੋਵੇ। ਕੁੱਝ ਹੀ ਸਮੇਂ ਬਾਅਦ ਅਸੀਂ ਸੁੰਦਰ ਨਗਰ ਵਿਖੇ ਸਤਲੁੱਜ ਦਰਿਆ ਤੇ ਬਣੀਂ ਝੀਲ ਕੋਲ ਜਾ ਪਹੁੰਚੇ। ਝੀਲ ਦੇ ਚਾਰੋਂ ਪਾਸੇ ਦੇ ਖੂਬਸੂਰਤ ਨਜ਼ਾਰੇ ਮੱਲੋਮੱਲੀ ਆਪਣੇ ਵੱਲ ਧਿਆਨ ਆਕਰਸ਼ਿਤ ਕਰ ਰਹੇ ਸਨ, ਜਿਹਨਾਂ ਨੂੰ ਦੇਖ ਕੇ ਅਸੀਂ ਆਪਣੇ ਆਪ ਨੂੰ ਰੋਕ ਨਾ ਸਕੇ ਅਤੇ ਕੁੱਝ ਸਮਾਂ ਇੱਥੇ ਰੁਕ ਕੇ ਕੁਦਰਤੀ ਸੁਹੱਪਣ ਦਾ ਆਨੰਦ ਮਾਣਨ ਦਾ ਵਿਚਾਰ ਬਣਾਇਆ। ਅਸੀਂ ਆਪਣੀਆਂ ਗੱਡੀਆਂ ਇੱਕ ਸੁਰੱਖਿਅਤ ਥਾਂ ਤੇ ਪਾਰਕ ਕਰਕੇ ਸੜਕ ਦੇ ਦੂਸਰੇ ਪਾਸੇ ਝੀਲ ਦੇ ਕਿਨਾਰੇ ਜਾ ਪਹੁੰਚੇ। ਜਿੱਥੇ ਪਹਿਲਾਂ ਹੀ ਕੁੱਝ ਕੁਦਰਤ ਪ੍ਰੇਮੀ ਸੈਲਾਨੀ ਘੁੰਮ ਰਹੇ ਸਨ। ਝੀਲ ਦਾ ਸ਼ਾਂਤ ਨੀਲਾ ਪਾਣੀ, ਪਿੱਛੇ ਅਲੌਕਿਕ ਸੁੰਦਰ ਨਗਰ ਸ਼ਹਿਰ ਦੀਆਂ ਖੂਬਸੂਰਤ ਇਮਾਰਤਾਂ, ਹਰੇ ਭਰੇ ਪਹਾੜ ਅਤੇ ਉਹਨਾਂ ਦੇ ਉਪਰ ਲੁਕਣ ਮੀਟੀ ਖੇਡਦੇ ਹੋਏ ਬੱਦਲ ਕਿਸੇ ਸਪਨੇ ਤੋਂ ਘੱਟ ਨਹੀਂ ਸਨ ਜਾਪਦੇ। ਅਗਰ ਦੇਖਿਆ ਜਾਵੇ ਤਾਂ ਯੂਰਪੀਅਨ ਅਤੇ ਹੋਰ ਵਿਕਸਤ ਦੇਸ਼ਾਂ ਵਿੱਚ ਵੀ ਤਾਂ ਇਹੋ ਜਿਹੇ ਹੀ ਨਜ਼ਾਰੇ ਦੇਖਣ ਨੂੰ ਮਿਲਦੇ ਹਨ। ਸਾਡੇ ਦੇਸ਼ ਵਿੱਚ ਵੀ ਕੁਦਰਤ ਨੇਂ ਆਪਣੇਂ ਵਲੋਂ ਕੋਈ ਕਸਰ ਨਹੀਂ ਛੱਡੀ, ਕਿਸੇ ਨਾਲ ਕੋਈ ਭੇਦਭਾਵ ਜਾਂ ਵਿਤਕਰਾ ਨਹੀਂ ਕੀਤਾ। ਸੋਚਣ ਵਾਲੀ ਗੱਲ ਹੈ ਕਿ ਫਿਰ ਸਾਡੇ ਦੇਸ਼ ਅਤੇ ਉਹਨਾਂ ਦੇਸ਼ਾਂ ਵਿੱਚ ਆਖਿਰ ਫ਼ਰਕ ਕਿੱਥੇ ਹੈ ?? ਫ਼ਰਕ ਸਿਰਫ਼ ਮਾਨਸਿਕਤਾ ਵਿੱਚ ਹੈ, ਜਦੋਂ ਅਸੀਂ ਝੀਲ ਕਿਨਾਰੇ ਹੇਠਾਂ ਨਜ਼ਰ ਮਾਰੀ ਤਾਂ ਪੈਰਾਂ ਵਿੱਚ ਪਲਾਸਟਿਕ, ਲਿਫਾਫੇ ਅਤੇ ਕੱਚ ਦੀਆਂ ਤੋੜੀਆਂ ਹੋਈਆਂ ਬੋਤਲਾਂ ਭਾਰਤੀ ਲੋਕਾਂ ਦੀ ਬੇਅਕਲੀ ਦਾ ਸਬੂਤ ਦੇ ਰਹੀਆਂ ਸਨ। ਅਸੀਂ ਲੋਕ ਪਤਾ ਨਹੀਂ ਕਦੋਂ ਸੁਧਰਾਂਗੇ। ਦੂਸਰੇ ਦੇਸ਼ਾਂ ਦੀਆਂ ਤਾਰੀਫਾਂ ਕਰਦੇ ਨਹੀਂ ਥੱਕਦੇ, ਆਪਣੀਆਂ ਸਰਕਾਰਾਂ ਨੂੰ ਅਤੇ ਪ੍ਰਸ਼ਾਸਨ ਨੂੰ ਗਾਲਾਂ ਕੱਢਣ ਵਿੱਚ ਸਭ ਤੋਂ ਅੱਗੇ ਹੁੰਦੇ ਹਾਂ, ਲੇਕਿਨ ਜਦੋਂ ਆਪਣੀ ਜ਼ਿੰਮੇਵਾਰੀ ਦੀ ਵਾਰੀ ਆਉਂਦੀ ਹੈ, ਉਸ ਵੇਲੇ ਸਾਡੀ ਸਮਝ ਪਤਾ ਨਹੀਂ ਕਿੱਥੇ ਚਲੀ ਜਾਂਦੀ ਹੈ। ਬਾਕੀ ਕੀ ਠੀਕ ਹੈ ਅਤੇ ਕੀ ਗ਼ਲਤ ਤੁਸੀਂ ਸਭ ਭਲੀ-ਭਾਂਤੀ ਜਾਣਦੇ ਹੋ। ਆਓ ਸਫ਼ਰ ਵਿੱਚ ਅੱਗੇ ਵਧੀਏ।
ਸੁੰਦਰ ਨਗਰ ਤੋਂ ਅਸੀਂ ਆਪਣੀਆਂ ਗੱਡੀਆਂ ਮੰਡੀ ਵੱਲ ਤੋਰ ਲਈਆਂ, ਚਾਰ ਲੇਨ ਸੜਕ ਐਨੀਂ ਜ਼ਿਆਦਾ ਖੂਬਸੂਰਤ ਕਿ ਯਕੀਨ ਹੀ ਨਹੀਂ ਆਉਂਦਾ ਕੇ ਅਸੀਂ ਆਪਣੇ ਹੀ ਦੇਸ਼ ਵਿੱਚ ਘੁੰਮ ਰਹੇ ਹਾਂ। ਲੇਕਿਨ ਇਸ ਵਿਕਾਸ ਲਈ ਪਤਾ ਨਹੀਂ ਕਿੰਨੇ ਕਰੋੜਾਂ ਰੁੱਖਾਂ ਨੂੰ ਬਲੀ ਦੇਣੀ, ਕਿੰਨੇ ਪਹਾੜਾਂ ਦਾ ਸੀਨਾ ਚੀਰਿਆ ਗਿਆ ਅਤੇ ਕਿੰਨੀ ਹੀ ਕੁਦਰਤੀ ਬਣਤਰ ਨੂੰ ਬਨਾਵਟੀ ਬਣਾਇਆ ਗਿਆ। ਘੰਟਿਆਂ ਦਾ ਸਫ਼ਰ ਤਾਂ ਮਿੰਟਾਂ ਵਿੱਚ ਤੈਅ ਕਰ ਲਿਆ, ਲੇਕਿਨ ਇਸਦਾ ਨਤੀਜਾ ਕੁਦਰਤੀ ਆਫ਼ਤਾਂ ਦੇ ਰੂਪ ਵਿੱਚ ਵੀ ਅਸੀਂ ਹੀ ਭੁਗਤ ਰਹੇ ਹਾਂ। ਅਸੀਂ ਮੰਡੀ ਸ਼ਹਿਰ ਤੋਂ ਪਹਿਲਾਂ ਨੇਰ ਚੌਂਕ ਪਹੁੰਚ ਗਏ, ਗੂਗਲ ਮੈਪ ਤੇ ਨਜ਼ਰ ਮਾਰੀ ਤਾਂ ਇੱਥੋਂ ਹੀ ਸੱਜੇ ਹੱਥ ਚੈਲ ਚੌਂਕ ਵੱਲ ਮੁੜਨ ਦਾ ਇਸ਼ਾਰਾ ਮਿਲਿਆ। ਇਹੀ ਰਸਤਾ ਮੰਡੀ ਤੋਂ ਸ਼ਿਮਲਾ ਜਾ ਨਿੱਕਲਦਾ ਹੈ। ਇਹ ਸੜਕ ਚੌੜੀ ਵੀ ਘੱਟ ਸੀ ਜ਼ਿਆਦਾ ਵਧੀਆ ਵੀ ਨਹੀਂ। ਲੇਕਿਨ ਟ੍ਰੈਫਿਕ ਘੱਟ ਹੋਣ ਕਰਕੇ ਸਾਨੂੰ ਬਹੁਤੀ ਪ੍ਰੇਸ਼ਾਨੀ ਨਹੀਂ ਹੋਈ। ਹਿਮਾਚਲ ਪ੍ਰਦੇਸ਼ ਦਾ ਇਹ ਇਲਾਕਾ ਸਾਡੇ ਲਈ ਬਿਲਕੁਲ ਨਵਾਂ ਸੀ, ਪੂਰਾ ਰਸਤਾ ਚੀੜ ਅਤੇ ਦੇਵਦਾਰ ਦੇ ਸੰਘਣੇ ਜੰਗਲਾਂ ਵਿਚਕਾਰੋਂ ਹੋ ਕੇ ਅੱਗੇ ਵੱਧ ਰਿਹਾ ਸੀ। ਰਾਹ ਵਿੱਚ ਛੋਟੇ-ਛੋਟੇ ਖੂਬਸੂਰਤ ਪਿੰਡ ਅਤੇ ਕੁੱਝ ਕਸਬੇ ਵੀ ਦੇਖਣ ਨੂੰ ਮਿਲੇ,ਜਿੱਥੋਂ ਦੇ ਬਾਜ਼ਾਰਾਂ ਵਿੱਚ ਰੋਜ਼ਮਰਾ ਜੀਵਨ ਦੀਆਂ ਲੋੜਾਂ ਪੂਰੀਆਂ ਕਰਨ ਦਾ ਹਰ ਸਾਮਾਨ ਆਸਾਨੀ ਨਾਲ ਮਿਲ ਜਾਂਦਾ ਹੈ। ਅਸੀਂ ਜਿਵੇਂ-ਜਿਵੇਂ ਜੰਝੈਲੀ ਦੇ ਨਜ਼ਦੀਕ ਜਾ ਰਹੇ ਸੀ, ਕੁਦਰਤੀ ਸੁਹੱਪਣ ਭਰਪੂਰ ਦ੍ਰਿਸ਼ ਹੋਰ ਵੀ ਦਿਲਕਸ਼ ਹੁੰਦੇ ਜਾ ਰਹੇ ਸਨ। ਸੱਜੇ-ਖੱਬੇ ਸੇਬਾਂ ਦੇ ਬਾਗ ਸ਼ੁਰੂ ਹੋ ਗਏ ਅਤੇ ਪਹਾੜਾਂ ਦੀਆਂ ਢਲਾਨਾਂ ਤੇ ਪੌੜੀਨੁਮਾਂ ਖੇਤ ਮੱਲੋਮੱਲੀ ਆਪਣੇ ਵੱਲ ਧਿਆਨ ਖਿੱਚਣ ਲੱਗੇ। ਤਾਂਡੀ ਨਾਮ ਦਾ ਕਸਬਾ ਲੰਘਣ ਤੋਂ ਬਾਅਦ ਸਾਨੂੰ "ਭਰਾਡੀ" ਨਾਮ ਦੇ ਸਥਾਨ ਤੇ ਸੜਕ ਕਿਨਾਰੇ ਇੱਕ "ਮਨਰੇਗਾ ਪਾਰਕ" ਨਾਮ ਦਾ ਬੋਰਡ ਲੱਗਾ ਦਿਖਿਆ। ਸਥਾਨਕ ਲੋਕਾਂ ਤੋਂ ਪਤਾ ਕਰਨ ਤੇ ਉਹਨਾਂ ਦੱਸਿਆ ਕਿ ਪਹਾੜੀ ਉਪਰ ਦੇਖਣਯੋਗ ਇੱਕ ਖੂਬਸੂਰਤ ਪਾਰਕ ਹੈ। ਅਸੀਂ ਗੱਡੀ ਓਸ ਪਾਸੇ ਨੂੰ ਮੋੜ ਲਈ, ਕੁੱਝ ਦੂਰੀ ਤੇ ਜਾ ਕੇ ਗੱਡੀਆਂ ਲਈ ਪਾਰਕਿੰਗ ਦਿਖੀ ਅਤੇ ਅਸੀਂ ਗੱਡੀ ਖੜ੍ਹੀ ਕਰਕੇ ਪਾਰਕ ਘੁੰਮਣ ਦਾ ਫੈਸਲਾ ਕੀਤਾ।
"ਮਨਰੇਗਾ ਪਾਰਕ" ਦੇਵਦਾਰ ਦੇ ਸੰਘਣੇ ਜੰਗਲ ਵਿਚਕਾਰ ਬਹੁਤ ਵੱਡੇ ਖੁੱਲ੍ਹੇ ਘਾਹ ਦੇ ਮੈਦਾਨ ਵਿਚਕਾਰ ਤਿਆਰ ਕੀਤੀ ਹੋਈ ਹੈ। ਜਿਸਦੀ ਕੁਦਰਤੀ ਦਿਖ ਨੂੰ ਬਿਨਾਂ ਛੇੜੇ ਬੇਹੱਦ ਖੂਬਸੂਰਤ ਤਰੀਕੇ ਨਾਲ ਲੈਂਡਸਕੇਪਿੰਗ ਕਰਕੇ ਬਣਾਇਆ ਹੋਇਆ ਹੈ। ਪਾਰਕ ਦੇ ਵਿਚਕਾਰ "ਮਾਤਾ ਬੰਗਲਾ ਮੁਖੀ" ਦਾ ਇੱਕ ਪ੍ਰਾਚੀਨ ਮੰਦਿਰ ਮੌਜੂਦ ਹੈ। ਜੋ ਕਿ ਪੂਰੀ ਤਰ੍ਹਾਂ ਨਾਲ ਲੱਕੜੀ ਤੋਂ ਬਣਿਆ ਹੋਇਆ ਸੈਂਕੜੇ ਸਾਲ ਪੁਰਾਣਾ ਮੰਦਿਰ ਹੈ। ਪਾਰਕ ਤੋਂ ਹੀ ਸਭ ਪਾਸੇ ਨੂੰ ਜੰਗਲ ਵਿਚਕਾਰ ਘੁੰਮਣ ਲਈ ਟ੍ਰੈਕ ਬਣਾਏ ਹੋਏ ਹਨ, ਜਿੱਥੇ ਸੈਲਾਨੀ ਸੁਰੱਖਿਅਤ ਤਰੀਕੇ ਨਾਲ ਜੰਗਲ ਦੇ ਅੰਦਰ ਘੁੰਮ ਫਿਰ ਸਕਦੇ ਹਨ। ਪਾਰਕ ਦੇ ਇੱਕ ਪਾਸੇ ਖਾਣ-ਪੀਣ ਲਈ ਇੱਕ ਕੈਂਟੀਨ ਵੀ ਮੌਜੂਦ ਹੈ। ਪਾਰਕ ਦਾ ਸ਼ਾਂਤ ਵਾਤਾਵਰਨ ਅਤੇ ਦਿਲਕਸ਼ ਗਾਰਡਨਿੰਗ ਰੂਹ ਨੂੰ ਸਕੂਨ ਦੇਣ ਵਾਲੇ ਹਨ। ਮੈਂ ਪਾਰਕ ਦੇ ਵਿਚਕਾਰ ਪਹਿਲੀ ਵਾਰ "ਚਿੰਨਾਰ" ਦੇ ਰੁੱਖ ਦੇਖੇ, ਜੋ ਕਿ ਸਿਰਫ਼ ਕਸ਼ਮੀਰ ਵਿੱਚ ਹੀ ਦੇਖਣ ਨੂੰ ਮਿਲਦੇ ਹਨ, ਜਿਹਨਾਂ ਨੂੰ ਮੁਗਲ ਰਾਜਿਆਂ ਨੇਂ ਸੈਂਕੜੇ ਸਾਲ ਪਹਿਲਾਂ ਲਗਵਾਇਆ ਸੀ। ਚਿੰਨਾਰ ਦਾ ਰੁੱਖ ਉਹ ਹੀ ਹੈ, ਜਿਸਦਾ ਪੱਤਾ ਕੈਨੇਡਾ ਦੇ ਝੰਡੇ ਵਿਚਕਾਰ ਬਣਿਆ ਹੋਇਆ ਹੁੰਦਾ ਹੈ। ਹੱਥ ਦੇ ਪੰਜੇ ਵਰਗੇ ਚਿੰਨਾਰ ਦੇ ਪੱਤੇ ਮੌਸਮ ਦੇ ਮਿਜ਼ਾਜ ਅਨੁਸਾਰ ਬਹੁਤ ਸਾਰੇ ਰੰਗ ਬਦਲਦੇ ਹਨ, ਪੁੰਗਰਦੇ ਸਮੇਂ ਪਹਿਲਾਂ ਸ਼ਰਬਤੀ, ਫਿਰ ਹਰੇ, ਹੌਲੀ-ਹੌਲੀ ਪੀਲੇ, ਲਾਲ ਅਤੇ ਬਰਾਊਨ ਹੋ ਕੇ ਝੜ ਜਾਂਦੇ ਹਨ। ਚਿੰਨਾਰ ਦਾ ਰੁੱਖ ਆਪਣੀ ਵੱਖਰੀ ਪਹਿਚਾਣ, ਅਲੌਕਿਕ ਦਿੱਖ ਅਤੇ ਦਿਲਕਸ਼ ਸੁਹੱਪਣ ਦੇ ਕਰਕੇ ਸਭ ਦਾ ਧਿਆਨ ਆਪਣੇ ਵੱਲ ਖਿੱਚਦਾ ਹੈ, ਜੋ ਕਿ ਇਸਨੂੰ ਬਾਕੀ ਸਾਰੇ ਰੁੱਖਾਂ ਵਿੱਚੋਂ ਵਿਲੱਖਣ ਅਤੇ ਸ਼ਾਨਦਾਰ ਬਨਾਉਂਦਾ ਹੈ। ਮਨਰੇਗਾ ਪਾਰਕ ਦੀ ਯਾਦਗਾਰੀ ਫੇਰੀ ਤੋਂ ਬਾਅਦ ਅਸੀਂ ਸਫ਼ਰ ਦੇ ਅਗਲੇ ਪੜਾਅ ਵੱਲ ਚਾਲੇ ਪਾ ਦਿੱਤੇ। ਸਾਡੇ ਇਸ ਟੂਰ ਦੇ ਸਫ਼ਰ ਦੀ ਕੋਈ ਪੱਕੀ ਮੰਜ਼ਿਲ ਨਹੀਂ ਸੀ, ਇਸ ਲਈ ਅਸੀਂ ਰਾਹ ਵਿੱਚ ਜਿੱਥੇ ਵੀ ਕੁੱਝ ਵਧੀਆ ਨਜ਼ਰ ਆਉਂਦਾ ਉਸਨੂੰ ਦੇਖਣ ਲਈ ਵਾਰ-ਵਾਰ ਰੁਕਦੇ ਰਹੇ। ਵੈਸੇ ਵੀ ਤਜ਼ਰਬੇਕਾਰ ਘੁਮੱਕੜ ਆਖਦੇ ਹਨ ਕਿ ਅਸਲੀ ਆਨੰਦ ਸਫ਼ਰ ਦਾ ਹੁੰਦਾ ਹੈ, ਨਾ ਕਿ ਮੰਜ਼ਿਲ ਦਾ, ਕਿਉਂਕਿ ਮੰਜ਼ਿਲ ਤੇ ਪਹੁੰਚ ਕੇ ਤਾਂ ਮੁਸਾਫ਼ਿਰ ਖਾ ਪੀ ਕੇ ਸੌਣ ਦੀ ਤਿਆਰੀ ਕਰਦਾ ਹੈ। ਲੇਕਿਨ ਸਫ਼ਰ ਦੌਰਾਨ ਖੂਬਸੂਰਤ ਨਜ਼ਾਰਿਆਂ ਦਾ ਲੁਤਫ਼ ਉਠਾਉਂਦੇ ਹੋਏ ਅੱਗੇ ਵਧਣਾ ਹੀ ਅਸਲੀ ਸੁਖ਼ਦ ਅਹਿਸਾਸ ਹੁੰਦਾ ਹੈ। ਰਾਹ ਵਿੱਚ ਪਾਂਡਵ ਸਿਲਾ ਅਤੇ ਬੁਧੇਰ ਕਿਦਾਰ ਵੀ ਦੇਖਣਯੋਗ ਥਾਵਾਂ ਸਨ।
ਸ਼ਾਮ ਦੇ 6 ਵੱਜ ਚੁੱਕੇ ਸਨ ਤੇ ਅਸੀਂ ਹਨੇਰਾ ਹੋਣ ਤੋਂ ਪਹਿਲਾਂ ਪਹਿਲਾਂ ਹੀ ਨਾਇਟ ਕੈਂਪਿੰਗ ਦਾ ਪ੍ਰਬੰਧ ਕਰ ਲੈਣਾ ਚਾਹੁੰਦੇ ਸੀ, ਕਿਉਂਕਿ ਪਹਾੜਾਂ ਵਿੱਚ ਸੂਰਜ ਜਲਦੀ ਛਿਪਦਾ ਹੈ। ਅਸੀਂ ਚਾਹੁੰਦੇ ਸੀ ਕਿ ਸਾਨੂੰ ਸੜਕ ਦੇ ਆਸੇ-ਪਾਸੇ ਕੋਈ ਸਾਫ਼ ਸੁਥਰਾ ਖਾਲੀ ਮੈਦਾਨ ਜਾਂ ਫਿਰ ਕੋਈ ਖੇਤ ਮਿਲ ਜਾਂਦਾ, ਤਾਂ ਜੋ ਅਸੀਂ ਆਪਣੀਆਂ ਗੱਡੀਆਂ ਨਜ਼ਦੀਕ ਹੀ ਲਗਾ ਕੇ ਨਾਈਟ ਕੈਂਪਿੰਗ ਕਰ ਸਕੀਏ। ਇਸੇ ਭਾਲ ਵਿੱਚ ਅੱਗੇ ਵੱਧਦੇ ਵੱਧਦੇ 7 ਵੱਜ ਗਏ ਤੇ ਸੂਰਜ ਦੇ ਛਿਪਣ ਦੀ ਤਿਆਰੀ ਵਿੱਚ ਆਸਮਾਨ ਵਿੱਚ ਫੈਲੇ ਬੱਦਲ ਪੀਲੇ ਸੰਤਰੀ ਤੇ ਲਾਲ ਰੰਗਾਂ ਦੀ ਹੋਲੀ ਖੇਡਣ ਲੱਗੇ। ਅਸੀਂ ਸਭ ਮਿੱਤਰਾਂ ਨੇਂ ਸਲਾਹ ਕੀਤੀ ਕਿ ਹੁਣ ਹੋਰ ਜ਼ਿਆਦਾ ਅੱਗੇ ਜਾਣ ਨਾਲੋਂ ਵਧੀਆ ਹੋਵੇਗਾ ਕਿ ਜਿੱਥੇ ਵੀ ਮੁਨਾਸਿਬ ਥਾਂ ਮਿਲੇ ਰੁਕ ਜਾਇਆ ਜਾਵੇ। ਲੱਗਦਾ ਇਹ ਗੱਲ ਪ੍ਰਮਾਤਮਾ ਨੇਂ ਵੀ ਸੁਣ ਲਈ ਅਤੇ ਕੁੱਝ ਹੀ ਦੂਰੀ ਤੇ ਸਾਨੂੰ ਸੜਕ ਦੇ ਕਿਨਾਰੇ ਇੱਕ ਸਾਫ਼ ਸੁਥਰੀ ਖੁੱਲ੍ਹੀ ਜਗ੍ਹਾ ਮਿਲ ਗਈ। ਅਸੀਂ ਸੁਰੱਖਿਆ ਦੇ ਮੱਦੇਨਜ਼ਰ ਵਿਚਕਾਰ ਦੋ ਟੈਂਟਾਂ ਲਈ ਜਗ੍ਹਾ ਛੱਡ ਕੇ ਉਸਦੇ ਦੋਨੋਂ ਪਾਸੇ ਗੱਡੀਆਂ ਪਾਰਕ ਕਰ ਦਿੱਤੀਆਂ ਅਤੇ ਬਿਨਾਂ ਦੇਰੀ ਜਲਦੀ-ਜਲਦੀ ਆਪਣੇ ਟੈਂਟ ਲਗਾ ਲਏ ਅਤੇ ਉਹਨਾਂ ਵਿੱਚ ਆਪਣੇ ਬਿਸਤਰੇ ਵਿਛਾ ਦਿੱਤੇ ਤਾਂ ਜੋ ਹਨੇਰੇ ਵਿੱਚ ਦਿੱਕਤ ਨਾ ਹੋਵੇ। ਫਿਰ ਦੂਸਰਾ ਕੰਮ ਸੀ ਆਸ-ਪਾਸ ਤੋਂ ਸੁੱਕੀਆਂ ਲੱਕੜੀਆਂ ਇਕੱਠੀਆਂ ਕਰਨਾ, ਅਸੀਂ ਜਿਸ ਸਥਾਨ ਤੇ ਨਾਇਟ ਕੈਂਪਿੰਗ ਕੀਤੀ ਸੀ ਉਸਦੇ ਬਿਲਕੁਲ ਪਿਛਲੇ ਪਾਸੇ ਦੇਵਦਾਰ ਦਾ ਸੰਘਣਾਂ ਜੰਗਲ ਸੀ, ਜਿੱਥੋਂ ਸਾਨੂੰ ਆਸਾਨੀ ਨਾਲ ਲੋੜ ਮੁਤਾਬਿਕ ਲੱਕੜੀਆਂ ਮਿਲ ਗਈਆਂ। ਨਾਈਟ ਕੈਂਪਿੰਗ ਦੌਰਾਨ ਬੋਨਫਾਇਰ ( ਧੂਣੀ ) ਦੇ ਬਹੁਤ ਸਾਰੇ ਫਾਇਦੇ ਹੁੰਦੇ ਹਨ। ਸਭ ਤੋਂ ਪਹਿਲਾਂ ਪਹਾੜੀ ਇਲਾਕੇ ਵਿੱਚ ਠੰਡ ਤੋਂ ਬਚਾਅ ਰਹਿੰਦਾ ਹੈ, ਦੂਸਰਾ ਅੱਗ ਦੇ ਕਰਕੇ ਕਦੀ ਵੀ ਜੰਗਲੀ ਜਾਨਵਰ ਨਜ਼ਦੀਕ ਨਹੀਂ ਆਉਂਦੇ, ਤੀਸਰਾ ਹਨੇਰੇ ਵਿੱਚ ਰੋਸ਼ਨੀ ਬਣੀਂ ਰਹਿੰਦੀ ਹੈ ਅਤੇ ਚੌਥਾ ਨਾਇਟ ਕੈਂਪਿੰਗ ਦਾ ਅਸਲੀ ਮਜ਼ਾ ਧੂਣੀ ਨਾਲ ਹੀ ਆਉਂਦਾ ਹੈ ਇਸ ਤੋਂ ਬਿਨਾਂ ਕੁੱਝ ਅਧੁਰਾ-ਅਧੁਰਾ ਜਾਪਦਾ ਹੈ। ਬੋਨਫਾਇਰ ਸਮੇਂ ਕੁੱਝ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ, ਅੱਗ ਬਾਲਣ ਤੋਂ ਪਹਿਲਾਂ ਆਸ-ਪਾਸ ਤੋਂ ਪੱਥਰ ਇਕੱਠੇ ਕਰਕੇ ਇੱਕ ਘੇਰਾ ਬਣਾ ਲਿਆ ਜਾਵੇ ਅਤੇ ਉਸਦੇ ਅੰਦਰ ਹੀ ਲੱਕੜੀਆਂ ਜਲਾਈਆਂ ਜਾਣ ਤਾਂ ਜੋ ਅੱਗ ਇੱਕ ਸੁਰੱਖਿਅਤ ਥਾਂ ਤੇ ਰਹੇ ਅਤੇ ਇੱਧਰ ਉੱਧਰ ਨਾ ਫੈਲੇ, ਦੂਸਰੀ ਗੱਲ ਕਦੇ ਵੀ ਲੱਕੜੀਆਂ ਨੂੰ ਇਕੱਠਿਆਂ ਹੀ ਨਾ ਜਲਾਇਆ ਜਾਵੇ, ਅਗਰ ਤੁਸੀਂ ਰਾਤ ਨੂੰ ਲੰਮਾਂ ਸਮਾਂ ਬੈਠ ਕੇ ਮਹਿਫ਼ਲ ਦਾ ਆਨੰਦ ਮਾਨਣਾਂ ਹੈ ਤਾਂ ਲੱਕੜੀਆਂ ਨੂੰ ਥੋੜ੍ਹਾ-ਥੋੜ੍ਹਾ ਕਰਕੇ ਹੀ ਧੂਣੀ ਵਿੱਚ ਲਗਾਓ ਅਤੇ ਸਭ ਤੋਂ ਅਹਿਮ ਗੱਲ ਇਹ ਕਿ ਸੌਣ ਤੋਂ ਪਹਿਲਾਂ ਅੱਗ ਨੂੰ ਪੂਰੀ ਤਰ੍ਹਾਂ ਨਾਲ ਬੁਝਾ ਦਿੱਤਾ ਜਾਵੇ, ਨਹੀਂ ਤਾਂ ਰਾਤ ਤੇਜ਼ ਹਵਾ ਚਲਣ ਨਾਲ ਅੱਗ ਬੇਕਾਬੂ ਹੋ ਕੇ ਅੱਗੇ ਤੋਂ ਅੱਗੇ ਫੈਲ ਸਕਦੀ ਹੈ ਅਤੇ ਟੈਂਟਾਂ ਨੂੰ ਵੀ ਨੁਕਸਾਨ ਹੋ ਸਕਦਾ ਹੈ।
ਜਦੋਂ ਅਸੀਂ ਸੜਕ ਕਿਨਾਰੇ ਨਾਈਟ ਕੈਂਪਿੰਗ ਦਾ ਆਨੰਦ ਮਾਣਦੇ ਹੋਏ ਕੁਕਿੰਗ ਕਰ ਰਹੇ ਸੀ ਤਾਂ ਬਹੁਤ ਸਾਰੇ ਸਥਾਨਕ ਲੋਕ ਸਾਡੇ ਕੋਲ ਦੀ ਲੰਘਦੇ ਸਮੇਂ ਸਾਡੇ ਕੋਲ ਰੁਕੇ ਅਤੇ ਸਾਡਾ ਹਾਲ-ਚਾਲ ਪੁੱਛਦੇ ਹੋਏ ਕਿਸੇ ਕਿਸਮ ਦੀ ਮੱਦਦ ਦੀ ਪੇਸ਼ਕਸ਼ ਕੀਤੀ ਅਤੇ ਉਹਨਾਂ ਆਖਿਆ ਕਿ ਤੁਸੀਂ ਸਾਡੇ ਮਹਿਮਾਨ ਹੋ ਕਿਸੀ ਚੀਜ਼ ਦੀ ਲੋੜ ਹੋਵੇ ਤਾਂ ਦੱਸੋ। ਇਸ ਚੀਜ਼ ਨੇਂ ਸਾਨੂੰ ਬੇਹੱਦ ਪ੍ਰਭਾਵਿਤ ਕੀਤਾ ਕਿਉਂਕਿ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਇਹ ਹੀ ਪ੍ਰਚਾਰ ਕੀਤਾ ਜਾਂਦਾ ਹੈ ਕਿ ਹਿਮਾਚਲੀ ਲੋਕ ਪੰਜਾਬੀਆਂ ਨੂੰ ਪ੍ਰੇਸ਼ਾਨ ਕਰਦੇ ਹਨ, ਲੜਾਈ ਝਗੜਾ ਕਰਦੇ ਹਨ ਅਤੇ ਵਾਧੂ ਪੈਸੇ ਲੈ ਕੇ ਲੁੱਟਦੇ ਹਨ। ਜਦੋਂ ਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ, ਹੋ ਸਕਦਾ ਹੈ ਕਿ 100 ਵਿੱਚੋਂ ਇੱਕ ਅੱਧੀ ਘਟਨਾ ਕਿਤੇ ਹੋਈ ਹੋਵੇ ਲੇਕਿਨ ਹਿਮਾਚਲ ਪ੍ਰਦੇਸ਼ ਦੇ ਲੋਕ ਬਹੁਤ ਹੀ ਮਿਲਣਸਾਰ, ਹੱਸਮੁੱਖ ਅਤੇ ਚੰਗੇ ਸੁਭਾਅ ਦੇ ਹੀ ਹੁੰਦੇ ਹਨ। ਮੈਂ ਪਿਛਲੇ 30-35 ਸਾਲਾਂ ਤੋਂ ਲਗਾਤਾਰ ਹਿਮਾਚਲ ਘੁੰਮਣ ਲਈ ਜਾ ਰਿਹਾ ਹਾਂ ਅਤੇ ਲੱਗਭਗ ਸਾਰੇ ਹੀ ਇਲਾਕੇ ਘੁੰਮ ਕੇ ਦੇਖੇ ਹਨ, ਮੈਨੂੰ ਅੱਜ ਤੱਕ ਕਦੇ ਵੀ ਕੋਈ ਭੈੜਾ ਤਜਰਬਾ ਨਹੀਂ ਹੋਇਆ। ਵੈਸੇ ਵੀ ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ, ਅਗਰ ਅਸੀਂ ਹੀ ਕੁੱਝ ਗ਼ਲਤ ਹਰਕਤ ਕਰਾਂਗੇ ਤਾਂ ਕੋਈ ਵੀ ਨਹੀਂ ਸਹਿਨ ਕਰੇਗਾ। ਚੰਗੇ ਮਾੜੇ, ਚੋਰ ਸਾਧੂ ਹਰ ਤਰ੍ਹਾਂ ਦੇ ਇਨਸਾਨ ਹਰ ਕੌਂਮ ਅਤੇ ਹਰ ਸਮਾਜ ਵਿੱਚ ਹੁੰਦੇ ਹਨ, ਇਸ ਲਈ ਕਿਸੀ ਇੱਕ ਗ਼ਲਤ ਬੰਦੇ ਦੇ ਕਰਕੇ ਪੂਰੇ ਸਮੁਦਾਏ ਨੂੰ ਬਦਨਾਮ ਕਰਨਾ ਚੰਗੀ ਗੱਲ ਨਹੀਂ। ਮੈਂ ਇੱਧੇ ਇੱਕ ਗੱਲ ਹੋਰ ਕਹਿਣੀਂ ਚਾਹਾਂਗਾ ਕਿ ਜੋ ਭੀੜ-ਭਾੜ ਵਾਲੇ ਪ੍ਰਸਿੱਧ ਟੂਰਿਸਟ ਸਥਾਨ ਹਨ, ਉੱਥੋਂ ਦੇ ਲੋਕ ਵੱਧ ਪੈਸਾ ਕਮਾਉਣ ਦੇ ਚੱਕਰ ਵਿੱਚ ਚੁਸਤ ਚਲਾਕ ਜ਼ਿਆਦਾ ਹੁੰਦੇ ਹਨ, ਜਿੱਥੇ ਕੁੱਝ ਘਟਨਾਵਾਂ ਹੋਣੀਆਂ ਸੰਭਵ ਹਨ। ਲੇਕਿਨ ਜੋ ਥਾਵਾਂ ਸੈਲਾਨੀਆਂ ਦੀ ਭੀੜ ਤੋਂ ਬਚੀਆਂ ਹੋਈਆਂ ਹਨ, ਜਿਹੜੀਆਂ ਅਣਦੇਖਿਆਂ ਅਤੇ ਅਣਛੋਹੀਆਂ ਥਾਵਾਂ ਹਨ, ਇੱਥੋਂ ਦੇ ਲੋਕਾਂ ਬੇਹੱਦ ਇਮਾਨਦਾਰ, ਭੋਲੇ ਭਾਲੇ ਅਤੇ ਨੇਕ ਸੁਭਾਅ ਦੇ ਹੀ ਹੁੰਦੇ ਹਨ, ਜੋ ਬਾਹਰੋਂ ਆਏ ਹੋਏ ਮਹਿਮਾਨਾਂ ਨੂੰ ਹੱਦੋਂ ਵੱਧ ਪਿਆਰ ਸਤਿਕਾਰ ਦਿੰਦੇ ਹਨ।
ਦਿਨ ਭਰ ਦੀ ਥਕਾਵਟ ਦੇ ਕਰਕੇ ਟੈਂਟਾਂ ਵਿੱਚ ਲੇਟਦੇ ਸਾਰ ਹੀ ਨੀਂਦ ਆ ਗਈ। ਰਾਤ ਕਦੋਂ ਬੀਤ ਗਈ ਪਤਾ ਹੀ ਨਹੀਂ ਲੱਗਾ। ਤੜਕ ਸਾਰ ਪੰਛੀਆਂ ਦੀਆਂ ਮਧੁਰ ਆਵਾਜ਼ਾਂ ਨੇਂ ਬਾਹੋਂ ਫੜ ਉਠਾ ਦਿੱਤਾ, ਬਾਹਰ ਆ ਕੇ ਦੇਖਿਆਂ ਤਾਂ ਸੂਰਜ ਦਸਤਕ ਦੇਣ ਲਈ ਆਸਮਾਨ ਨੂੰ ਸੁਨਹਿਰੀ ਕਿਰਨਾਂ ਨਾਲ ਆਪਣੀ ਬੁੱਕਲ ਵਿੱਚ ਲੈ ਰਿਹਾ ਸੀ। ਅਸੀਂ ਬਿਨਾਂ ਦੇਰੀ ਅਗਲੇ ਸਫ਼ਰ ਲਈ ਤਿਆਰ ਹੋਣ ਲਈ ਫਟਾ ਫਟ ਟੈਂਟ ਪੈਕ ਕੀਤੇ ਅਤੇ ਚਾਹ ਨਾਲ ਬ੍ਰੈੱਡ ਆਮਲੇਟ ਦਾ ਨਾਸ਼ਤਾ ਕਰਕੇ ਜੰਝੈਲੀ ਵੱਲ ਨੂੰ ਗੱਡੀਆਂ ਤੋਰ ਲਈਆਂ। ਰਾਹ ਵਿੱਚ ਸਾਨੂੰ ਜਿੱਥੇ ਵੀ ਕੋਈ ਵਧੀਆ ਲੋਕੇਸ਼ਨ ਮਿਲਦੀ ਅਸੀਂ ਰੁੱਕ ਕੇ ਉਸਦਾ ਆਨੰਦ ਮਾਣਦੇ ਹੋਏ ਯਾਦਗਾਰੀ ਤਸਵੀਰਾਂ ਖਿੱਚਦੇ ਰਹੇ। ਜੰਝੈਲੀ ਦੇ ਮੁੱਖ ਕਸਬੇ ਤੋਂ ਲੱਗਭਗ 12 ਕਿਲੋਮੀਟਰ ਪਹਿਲਾਂ ਸਾਨੂੰ ਹੇਠਾਂ ਵੱਗਦੀ ਨਦੀਂ ਕਿਨਾਰੇ ਕੁੱਝ ਬੇਹੱਦ ਖੂਬਸੂਰਤ ਪੁਰਾਣੇ ਲੱਕੜੀ ਦੇ ਘਰ ਦਿਖਾਈ ਦਿੱਤੇ, ਤੇ ਅਸੀਂ ਉਹਨਾਂ ਨੂੰ ਨਜ਼ਦੀਕ ਜਾ ਕੇ ਦੇਖਣ ਦਾ ਫੈਸਲਾ ਕੀਤਾ। ਸੜਕ ਕਿਨਾਰੇ ਸਾਨੂੰ ਇੱਕ ਪੱਗਡੰਡੀ ਹੇਠਾਂ ਵੱਲ ਨੂੰ ਜਾਂਦੀ ਨਜ਼ਰ ਆਈ, 15-20 ਮਿੰਟ ਤੁਰਨ ਤੋਂ ਬਾਅਦ ਅਸੀਂ ਉਹਨਾਂ ਪੁਰਾਣੇ ਘਰਾਂ ਦੇ ਵਿਚਕਾਰ ਖੜ੍ਹੇ ਸੀ। ਸਾਨੂੰ ਦੇਖ ਇੱਕ ਵਿਅਕਤੀ ਸਾਡੇ ਕੋਲ ਆਇਆ ਅਤੇ ਸਲਾਮ ਨਮਸਤੇ ਕਰਨ ਤੇ ਪਤਾ ਲੱਗਾ ਕਿ ਉਹ ਕੁੱਝ ਸਮਾਂ ਪਹਿਲਾਂ ਹੀ ਫ਼ੌਜ ਚੋਂ ਸੇਵਾ ਮੁਕਤ ਹੋ ਕੇ ਆਇਆ ਹੈ, ਅਤੇ ਇਹ ਪੁਰਾਣੇਂ ਘਰ ਉਹਨਾਂ ਦੇ ਪੁਰਖਿਆਂ ਦੇ ਹਨ, ਜਿਹਨਾਂ ਨੂੰ ਉਸ ਨੇਂ ਢਾਉਣ ਦੀ ਥਾਂ ਤੇ ਸਹੇਜ਼ ਕਿ ਰੱਖਣ ਦਾ ਫੈਸਲਾ ਕੀਤਾ ਹੈ ਅਤੇ ਹੁਣ ਉਸਨੇ ਆਪਣੇ ਸੇਬ ਦੇ ਬਾਗਾਂ ਵਿਚਕਾਰ ਨਵਾਂ ਘਰ ਬਣਾ ਲਿਆ ਹੈ, ਕੁੱਝ ਸਮੇਂ ਬਾਅਦ ਉਸਦੀ ਪਤਨੀ ਸਾਡੇ ਲਈ ਪਾਣੀ ਲੈ ਕੇ ਆ ਗਈ ਅਤੇ ਉਹਨਾਂ ਨੇਂ ਚਾਹ ਪੀ ਕੇ ਜਾਣ ਲਈ ਬੇਨਤੀ ਕੀਤੀ। ਇਸੇ ਨੂੰ ਕਹਿੰਦੇ ਹਨ ਇਨਸਾਨੀਅਤ ਅਤੇ ਭਾਈਚਾਰਕ ਸਾਂਝ, ਲੇਕਿਨ ਕੁੱਝ ਨਾ ਸਮਝ ਲੋਕ ਐਵੀਂ ਇੱਕ ਦੂਸਰੇ ਨੂੰ ਭੰਡੀ ਜਾ ਰਹੇ ਹਨ। ਅਸੀਂ ਉਹਨਾਂ ਨੂੰ ਅਲਵਿਦਾ ਆਖ ਕਿ ਅੱਗੇ ਲਈ ਰਵਾਨਾ ਹੋ ਗਏ।
ਕੁੱਝ ਹੀ ਸਮੇਂ ਬਾਅਦ ਅਸੀਂ ਜੰਝੈਲੀ ਵੈਲੀ ਦੇ ਮੁੱਖ ਬਾਜ਼ਾਰ ਵਿੱਚ ਦਾਖਲ ਹੋ ਗਏ। ਇਹ ਇੱਕ ਬਹੁਤ ਵੱਡਾ ਕਸਬਾ ਸੀ, ਜਿੱਥੇ ਹਰ ਤਰ੍ਹਾਂ ਦੀਆਂ ਦੁਕਾਨਾਂ, ਸਰਕਾਰੀ ਇਮਾਰਤਾਂ, ਸਕੂਲ ਅਤੇ ਹਸਪਤਾਲ ਆਦੀ ਮੌਜੂਦ ਸਨ। ਅਸੀਂ ਸਾਹਮਣੇ ਨਜ਼ਰ ਮਾਰੀ ਤਾਂ ਚੌਂਕ ਦੇ ਵਿਚਕਾਰ ਚਾਰੇ ਪਾਸਿਆਂ ਨੂੰ ਜਾਂਦੀਆਂ ਹੋਈਆਂ ਸੜਕਾਂ ਨਜ਼ਰ ਆਈਆਂ। ਸਾਇਨ ਬੋਰਡ ਪੜ੍ਹ ਕੇ ਅਸੀਂ ਸੱਜੇ ਹੱਥ ਸ਼ਿਕਾਰੀ ਦੇਵੀ ਨੂੰ ਜਾਂਦੀ ਹੋਈ ਸੜਕ ਵੱਲ ਗੱਡੀ ਮੋੜ ਲਈ। ਕੁੱਝ ਹੀ ਦੂਰ ਜਾਣ ਤੇ ਬੇਹੱਦ ਖੂਬਸੂਰਤ, ਸ਼ਾਂਤ ਅਤੇ ਕੁਦਰਤੀ ਸੁਹੱਪਣ ਭਰਪੂਰ ਨਜ਼ਾਰੇ ਦਿਖਣ ਲੱਗੇ। ਅਸੀਂ ਸੇਬ ਦੇ ਬਾਗਾਂ ਦੀ ਵਿਚਕਾਰ ਤੋਂ ਬਣੀਂ ਹੋਈ ਸੜਕ ਤੋਂ ਅੱਗੇ ਵੱਧ ਰਹੇ ਸੀ। ਰਸਤੇ ਦੇ ਦੋਨੋਂ ਪਾਸੇ, ਢਾਬੇ, ਰੈਸਟੋਰੈਂਟ ਅਤੇ ਹੋਮ ਸਟੇ ਮੌਜੂਦ ਸਨ, ਜੋ ਕਿ ਸੈਲਾਨੀਆਂ ਦੀ ਆਮਦ ਨੂੰ ਦਰਸਾਉਂਦੇ ਸਨ। ਜੰਝੈਲੀ ਕਸਬੇ ਤੋਂ ਚਾਰ ਪੰਜ ਕਿਲੋਮੀਟਰ ਦੂਰ ਜਾਣ ਤੇ ਸਾਨੂੰ ਨਦੀ ਕਿਨਾਰੇ ਇੱਕ ਬਹੁਤ ਹੀ ਸ਼ਾਨਦਾਰ ਅਤੇ ਵਿਸ਼ਾਲ ਇਮਾਰਤ ਨਜ਼ਰ ਆਈ, ਉਸਦੇ ਨੇੜੇ ਜਾ ਕੇ ਦੇਖਿਆ ਤਾਂ ਇਹ "ਕਲੱਬ ਮਹਿੰਦਰਾ" ਵਾਲਿਆਂ ਦਾ ਆਲੀਸ਼ਾਨ ਰਿਜ਼ੌਰਟ ਸੀ। ਜਿਸਦੇ ਅੰਦਰ ਅਧੁਨਿਕ ਸੁੱਖ ਸਹੂਲਤਾਂ ਵਾਲੇ ਲੱਗਭਗ 20-25 ਕਮਰੇ ਅਤੇ ਰੈਸਟੋਰੈਂਟ ਆਦਿ ਬਣੇਂ ਹੋਏ ਸਨ। ਅਸੀਂ ਰੁੱਕ ਕੇ ਗੇਟ ਕੀਪਰ ਤੋਂ ਪੁੱਛਿਆ ਕਿ ਕੀ ਇੱਥੇ ਸਿਰਫ਼ ਕਲੱਬ ਦੇ ਮੈਂਬਰ ਹੀ ਰਹਿ ਸਕਦੇ ਹਨ ਜਾਂ ਫਿਰ ਬਾਕੀ ਸੈਲਾਨੀ ਵੀ ...?ਤਾਂ ਉਸਨੇ ਦੱਸਿਆ ਕਿ ਇੱਥੇ ਕੋਈ ਵੀ ਟੂਰਿਸਟ ਆਨਲਾਈਨ ਬੁਕਿੰਗ ਕਰਵਾ ਕੇ ਰੁਕ ਸਕਦਾ ਹੈ। ਮੈਂ ਇਸ ਰਿਜ਼ੌਰਟ ਦਾ ਫੋਨ ਨੰਬਰ (9816522099) ਲਿਆ ਅਤੇ ਅੱਗੇ ਚਾਲੇ ਪਾ ਦਿੱਤੇ।
ਅਸੀਂ ਜਿਵੇਂ-ਜਿਵੇਂ ਸ਼ਿਕਾਰੀ ਦੇਵੀ ਵੱਲ ਵੱਧ ਰਹੇ ਸੀ, ਸੜਕ ਦੀ ਉਚਾਈ ਵੀ ਵਧਣੀਂ ਸ਼ੁਰੂ ਹੋ ਗਈ ਅਤੇ ਗੱਡੀ ਦਾ ਜ਼ੋਰ ਲੱਗਣ ਲੱਗ ਪਿਆ। ਥੋੜੀ ਥੋੜੀ ਦੂਰੀ ਤੇ ਸੜਕ ਦੇ ਦੋਨੋਂ ਪਾਸੇ ਰਾਤ ਰੁਕਣ ਲਈ ਹੋਟਲ ਅਤੇ ਹੋਮ ਸਟੇ ਦਿਖ ਰਹੇ ਸਨ। ਦੇਵਦਾਰ ਦੇ ਸੰਘਣੇ ਜੰਗਲਾਂ ਵਿੱਚੋਂ ਲੰਘਦੀ ਹੋਈ ਸੜਕ ਪੂਰੀ ਤਰ੍ਹਾਂ ਨਾਲ ਕੱਚੀ ਸੀ,ਜੋ ਕਿ ਬਾਰਿਸ਼ ਹੋਣ ਤੋਂ ਬਾਅਦ ਚਿੱਕੜ ਅਤੇ ਫਿਸਲਣ ਵਾਲੀ ਸੀ। ਤਿੱਖੀ ਚੜ੍ਹਾਈ ਦੇ ਕਰਕੇ ਗੱਡੀ ਪਹਿਲੇ ਗਿਅਰ ਵਿੱਚ ਵੀ ਅੱਗੇ ਵੱਧਣ ਤੋਂ ਇਨਕਾਰ ਕਰ ਰਹੀ ਸੀ। ਮੈਂ ਜਿਵੇਂ ਹੀ ਗੱਡੀ ਦਾ ਜ਼ੋਰ ਲਗਾ ਰਿਹਾ ਸੀ, ਗੱਡੀ ਦੇ ਪਿਛਲੇ ਟਾਇਰ ਸੱਪ ਦੀ ਤਰ੍ਹਾਂ ਘੁੰਮਣ ਲੱਗ ਪੈਂਦੇ। ਮੇਰੇ ਸਾਥੀਆਂ ਨੇਂ ਰਾਹ ਵਿੱਚ ਰੁਕ ਰੁਕ ਕੇ ਗੱਡੀ ਨੂੰ ਧੱਕਾ ਲਗਾਇਆ ਤਾਂ ਜਾ ਕੇ ਗੱਡੀ ਅੱਗੀ ਵਧਣ ਲਈ ਤਿਆਰ ਹੋਈ। ਇਹ ਬੇਹੱਦ ਖਤਰਨਾਕ ਅਤੇ ਡਰਾਉਣ ਵਾਲਾ ਅਨੁਭਵ ਸਾਬਿਤ ਹੋਇਆ। ਇੱਥੇ ਮੈਂ ਵਿਸ਼ੇਸ਼ ਤੌਰ ਤੇ ਕਹਿਣਾ ਚਾਹੁੰਦਾ ਹਾਂ ਕਿ ਸ਼ਿਕਾਰੀ ਦੇਵੀ ਉਸੇ ਬੰਦੇ ਨੂੰ ਆਉਣਾ ਚਾਹੀਦਾ ਹੈ, ਜਿਸਨੂੰ ਇਸ ਤਰ੍ਹਾਂ ਦੇ ਆਫਰੋਡਿੰਗ ਰਸਤਿਆਂ ਤੇ ਗੱਡੀ ਚਲਾਉਣ ਦਾ ਤਜ਼ਰਬਾ ਹੋਵੇ। ਮੈਂ ਤਾਂ ਕੰਨਾਂ ਨੂੰ ਹੱਥ ਲਾ ਕੇ ਤੋਬਾ-ਤੋਬਾ ਕੀਤੀ। ਤਿੱਖੀ ਚੜ੍ਹਾਈ ਤੋਂ ਬਾਅਦ ਰਸਤਾ ਥੋੜਾ ਸਾਫ਼ ਅਤੇ ਆਸਾਨ ਹੋ ਗਿਆ ਅਤੇ ਸਾਡੀ ਜਾਨ ਵਿੱਚ ਜਾਨ ਆਈ। ਆਲੇ-ਦੁਆਲੇ ਦੇ ਕੁਦਰਤੀ ਸੁਹੱਪਣ ਭਰਪੂਰ ਨਜ਼ਾਰੇ ਦੇਖਣ ਨਾਲ ਮਨ ਸ਼ਾਂਤ ਹੋਇਆ ਅਤੇ ਸੁਕੂਨ ਮਿਲਣ ਲੱਗਾ। ਕੁਦਰਤ ਦਾ ਇੱਕ ਨਿਯਮ ਹੈ ਕਿ ਪਹਾੜਾਂ ਦੀ ਉਚਾਈ ਦੇ ਹਿਸਾਬ ਨਾਲ ਹੀ ਬਨਸਪਤੀ ਅਤੇ ਪੇੜ ਪੌਦੇ ਉੱਗਦੇ ਹਨ। ਕਾਫੀ ਉਚਾਈ ਤੇ ਪਹੁੰਚ ਕੇ ਜੰਗਲ ਖ਼ਤਮ ਹੋਣ ਲੱਗੇ ਅਤੇ ਸਭ ਪਾਸੇ ਖੂਬਸੂਰਤ ਘਾਹ ਦੇ ਮੈਦਾਨ ਦਿਖਾਈ ਦੇਣ ਲੱਗੇ।ਲੋਕਲ ਲੋਕਾਂ ਅਤੇ ਸੈਲਾਨੀਆਂ ਨੂੰ ਦੇਖ ਕੇ ਅੰਦਾਜ਼ਾ ਲੱਗ ਗਿਆ ਕਿ ਅਸੀਂ ਸ਼ਿਕਾਰੀ ਦੇਵੀ ਮੰਦਿਰ ਦੇ ਨਜ਼ਦੀਕ ਪਹੁੰਚ ਗਏ ਹਾਂ।ਬੇਸ਼ੁਮਾਰ ਗੱਡੀਆਂ ਦੇਖ ਕੇ ਅਸੀਂ ਹੈਰਾਨ ਰਹਿ ਗਏ, ਸੋਚਿਆ ਹੋ ਸਕਦਾ ਹੈ ਅੱਜ ਕੋਈ ਖਾਸ ਧਾਰਮਿਕ ਦਿਨ ਹੋਵੇ ਜਿਸ ਕਰਕੇ ਹਜ਼ਾਰਾਂ ਦੀ ਤਾਦਾਦ ਵਿੱਚ ਸ਼ਰਧਾਲੂ ਪਹੁੰਚੇ ਹੋਣ। ਅਸੀਂ ਇੱਕ ਸੁਰੱਖਿਅਤ ਥਾਂ ਤੇ ਗੱਡੀ ਖੜ੍ਹੀ ਕਰਕੇ, ਮੁੱਖ ਪ੍ਰਵੇਸ਼ ਦੁਆਰ ਤੇ ਪਹੁੰਚ ਗਏ। ਇਸ ਸਥਾਨ ਤੋਂ ਉਪਰ ਮੰਦਿਰ ਤੱਕ ਜਾਣ ਲਈ 1140 ਪੱਕੀਆਂ ਪੌੜੀਆਂ ਬਣੀਆਂ ਹੋਈਆਂ ਸਨ। ਅਸੀਂ ਮਾਂ ਸ਼ਿਕਾਰੀ ਦੇਵੀ ਦੇ ਜੈਕਾਰੇ ਲਗਾਉਂਦੇ ਹੋਏ, ਪੌੜੀਆਂ ਚੜ੍ਹਨਾ ਸ਼ੁਰੂ ਕਰ ਦਿੱਤਾ। ਹਰ 40-50 ਪੌੜੀਆਂ ਚੜ੍ਹਨ ਤੋਂ ਬਾਅਦ ਸਾਹ ਲੈਣ ਲਈ ਰੁਕਦੇ ਅਤੇ ਫਿਰ ਅੱਗੇ ਤੁਰ ਪੈਂਦੇ। ਆਖਿਰਕਾਰ ਅਸੀਂ ਉਸ ਉਚਾਈ ਤੇ ਪਹੁੰਚ ਗਏ ਜਿੱਥੇ ਖੂਬਸੂਰਤ ਘਾਹ ਦੇ ਵਿਸ਼ਾਲ ਟਿੱਬਿਆਂ ਵਿਚਕਾਰ ਮੰਡੀ ਜ਼ਿਲ੍ਹੇ ਦੀ ਸਭ ਤੋਂ ਉੱਚੀ ਚੋਟੀ ਤੇ ਮਾਂ ਸ਼ਿਕਾਰੀ ਦੇਵੀ ਦਾ ਅੱਦਭੁਤ ਮੰਦਿਰ ਬਣਿਆਂ ਹੋਇਆ ਸੀ। ਇਸ ਸਥਾਨ ਤੋਂ ਸਭ ਪਾਸੇ ਦੂਰ-ਦੂਰ ਤੱਕ ਨਜ਼ਰ ਦੌੜਾਉਣ ਤੇ ਮੰਤਰਮੁਗਧ ਕਰਨ ਵਾਲੇ ਅਲੌਕਿਕ ਦ੍ਰਿਸ਼ ਦਿਖਾਈ ਦੇ ਰਹੇ ਸਨ। ਕਿਹਾ ਜਾਂਦਾ ਹੈ ਕਿ ਇਹ ਦੁਨੀਆਂ ਦਾ ਇੱਕ ਲੌਤਾ ਮੰਦਿਰ ਹੈ ਜਿਸ ਦੀ ਛੱਤ ਨਹੀਂ ਹੈ, ਮਾਂ ਸ਼ਿਕਾਰੀ ਦੇਵੀ ਖੁੱਲ੍ਹੇ ਅਸਮਾਨ ਹੇਠਾਂ ਬਿਰਾਜਮਾਨ ਹੈ। ਇਸ ਮੰਦਿਰ ਦਾ ਨਿਰਮਾਣ ਪਾਂਡਵਾਂ ਵਲੋਂ ਅਗਿਆਤਵਾਸ ਦੌਰਾਨ ਕੀਤਾ ਗਿਆ। ਇਸ ਮੰਦਿਰ ਦੀ ਖਾਸੀਅਤ ਇਹ ਹੈ ਕਿ ਜਦੋਂ ਸਰਦੀਆਂ ਵਿੱਚ ਇਸਦੇ ਆਸ ਪਾਸ ਚਾਰੇ ਪਾਸੇ ਭਾਰੀ ਬਰਫਬਾਰੀ ਹੁੰਦੀ ਹੈ, ਉਸ ਸਮੇਂ ਵੀ ਮੰਦਿਰ ਗ੍ਰਭਗ੍ਰਹਿ ਵਾਲੇ ਸਥਾਨ ਤੇ ਬਿਲਕੁਲ ਵੀ ਬਰਫ਼ ਨਹੀਂ ਪੈਂਦੀ। ਜਿਸਦਾ ਕਾਰਣ ਅੱਜ ਤੱਕ ਪਤਾ ਨਹੀਂ ਲੱਗ ਸਕਿਆ।ਮੰਦਿਰ ਦੀ ਚਾਰ ਦਿਵਾਰੀ ਦੇ ਅੰਦਰ ਅਨੇਕਾਂ ਹੀ ਪ੍ਰਾਚੀਨ ਮੂਰਤੀਆਂ ਦੇ ਵਿਚਕਾਰ ਮਾਂ ਸ਼ਿਕਾਰੀ ਦੇਵੀ ਦੀ ਪਿੰਡੀ ਸਥਾਪਿਤ ਹੈ, ਇਸ ਸਥਾਨ ਤੇ ਇੱਕ ਅਜੀਬੋਗਰੀਬ ਸਕਰਾਤਮਿਕ ਊਰਜਾ ਦਾ ਅਹਿਸਾਸ ਹੁੰਦਾ ਹੈ, ਜਿਸਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਇਸੇ ਸਥਾਨ ਤੇ ਪਾਂਡਵਾਂ ਵਲੋਂ ਤਪੱਸਿਆ ਕੀਤੀ ਗਈ ਸੀ।ਹਵਨ ਦੌਰਾਨ ਮਾਤਾ ਰਾਣੀ ਨੇਂ ਪ੍ਰਗਟ ਹੋ ਕਿ ਉਹਨਾਂ ਨੂੰ ਯੁੱਧ ਵਿੱਚ ਜਿੱਤ ਹਾਸਿਲ ਕਰਨ ਦਾ ਆਸ਼ੀਰਵਾਦ ਦਿੱਤਾ।
ਮੱਥਾ ਟੇਕਣ ਤੋਂ ਬਾਅਦ ਅਸੀਂ ਕੁੱਝ ਸਮਾਂ ਇੱਥੇ ਹੀ ਰੁਕ ਕੇ ਕੁਦਰਤ ਨੂੰ ਨੇੜੇ ਤੋਂ ਮਹਿਸੂਸ ਕਰਨ ਦਾ ਮੰਨ ਬਣਾਇਆ। ਇਹ ਸਥਾਨ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਦੀ ਸਭ ਤੋਂ ਉੱਚੀ ਚੋਟੀ ਤੇ ਹੋਣ ਕਰਕੇ ਇੱਥੋਂ ਹਰ ਪਾਸੇ 360 ਡਿਗਰੀ ਦੇ ਸੁੰਦਰ ਨਜ਼ਾਰੇ ਦੇਖਣ ਨੂੰ ਮਿਲਦੇ ਹਨ। ਅਗਰ ਅਸੀਂ ਖੱਬੇ ਹੱਥ ਤੋਂ ਸੱਜੇ ਹੱਥ ਵੱਲ ਘੁੰਮਦੇ ਹੋਏ ਦੂਰ ਤੱਕ ਦੇਖੀਏ ਤਾਂ ਸਾਨੂੰ ਲਗਾਤਾਰ ਮੰਡੀ ਜ਼ਿਲ੍ਹੇ ਦੇ ਰਿਵਾਲਸਰ, ਥੌਲਾਧਾਰ ਦੀਆਂ ਚੋਟੀਆਂ, ਪਰਾਸ਼ਰ ਝੀਲ, ਭੂੰਤਰ ਵਿਖੇ ਬਿਜਲੀ ਮਹਾਂਦੇਵ, ਖੀਰ ਗੰਗਾ, ਸ਼੍ਰੀ ਖੰਡ ਮਹਾਂਦੇਵ, ਕੁੱਲੂ ਮਨਾਲੀ ਦੀ ਪੀਰ ਪੰਜਾਲ ਬਰਫ਼ਾਂ ਲੱਦੀ ਚੋਟੀਆਂ ਅਤੇ ਫਿਰ ਜਲੋੜੀ ਪਾਸ ਤੋਂ ਬਾਅਦ ਬੰਜਾਰ ਵੈਲੀ, ਤੀਰਥਨ ਵੈਲੀ ਅਤੇ ਇਸ ਤੋਂ ਬਾਅਦ ਕਮਰੂਨਾਗ ਅਤੇ ਸ਼ਿਮਲਾ ਤੱਕ ਦੇ ਖੂਬਸੂਰਤ ਪਰਬਤ ਦਿਖਾਈ ਦਿੰਦੇ ਹਨ। ਅਸੀਂ ਜਿਸ ਸਥਾਨ ਤੇ ਬੈਠੇ ਸੀ ਓਥੋਂ ਬੱਦਲ ਬਹੁਤ ਹੀ ਹੇਠਾਂ ਦਿਖਾਈ ਦੇ ਰਹੇ ਸਨ। ਸਭ ਪਾਸੇ ਘਾਹ ਦੇ ਮੈਦਾਨਾਂ ਵਿੱਚ ਚਿੱਟੇ ਰੰਗ ਦੀਆਂ ਭੇਡਾਂ ਇੰਝ ਲੱਗ ਰਹੀਆਂ ਸਨ , ਜਿਵੇਂ ਹਰੇ ਰੰਗ ਦੀ ਚੁੰਨੀ ਵਿੱਚ ਚਮਕਦੇ ਸਿਤਾਰੇ ਜੜੇ ਹੋਣ। ਦੂਰ ਇੱਕ ਟਿੱਬੇ ਤੇ ਬਣਿਆ ਹੋਇਆ ਸਰਕਾਰੀ ਰੈਸਟ ਹਾਊਸ ਸਭ ਲਈ ਖਿੱਚ ਦਾ ਕੇਂਦਰ ਬਣਿਆਂ ਹੋਇਆ ਸੀ। ਇਸ ਸਥਾਨ ਦੀ ਅਦੁੱਤੀ ਸੁੰਦਰਤਾ ਸੱਚੀ ਬੇਮਿਸਾਲ ਹੈ। ਜਿਸਨੂੰ ਦੇਖ ਕੇ ਕਦੇ ਵੀ ਨਹੀਂ ਭੁੱਲਾਇਆ ਜਾ ਸਕਦਾ, ਇਹ ਇੱਕ ਅੱਦਭੁਤ, ਆਨੰਦਦਾਇਕ ਅਤੇ ਸਕੂਨ ਭਰਿਆ ਅਹਿਸਾਸ ਹਮੇਸ਼ਾ-ਹਮੇਸ਼ਾ ਲਈ ਯਾਦਾਂ ਨੂੰ ਤਾਜ਼ਾ ਰੱਖਣ ਲਈ ਕਾਰਗਰ ਸਾਬਤ ਹੋਵੇਗਾ। ਇਸ ਸਥਾਨ ਦੀ ਰਹੱਸਮਈ ਸ਼ਾਂਤੀ ਰੂਹ ਨੂੰ ਅੰਦਰ ਤੱਕ ਠਾਰਨ ਵਾਲੀ ਸੀ। ਇਹੋ ਜਿਹੀਆਂ ਥਾਵਾਂ ਤੇ ਆ ਕੇ ਹੀ ਪਤਾ ਲੱਗਦਾ ਹੈ ਕਿ
" ਇਕਾਂਤ ਹੀ ਸੱਚ ਹੈ, ਭੀੜ ਤਾਂ ਸਿਰਫ਼ ਭ੍ਰੰਮ ਹੈ "
ਝੰਜੈਲੀ ਵੈਲੀ ਦਾ ਇਹ ਸਥਾਨ ਇਕਾਂਤ ਪਸੰਦ ਕੁਦਰਤ ਪ੍ਰੇਮੀ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਹੈ। ਇਸੇ ਸਥਾਨ ਤੇ ਬਹੁਤ ਸਾਰੇ ਟ੍ਰੈਕ ਵੀ ਮੌਜੂਦ ਹਨ ਜੋ ਕਿ ਟਰੈਕਿੰਗ ਕਰਨ ਵਾਲਿਆਂ ਲਈ ਬਿਲਕੁਲ ਅਨੁਕੂਲ ਹਨ। ਇਸ ਵੈਲੀ ਵਿੱਚ ਕਮਰੂਨਾਗ, ਚਿੰਦੀ, ਕਰਸੌਗ ਅਤੇ ਹੋਰ ਵੀ ਅਨੇਕਾਂ ਟ੍ਰੈਕ ਮੌਜੂਦ ਹਨ। ਜੰਝੈਲੀ ਤੋਂ 18 ਕਿਮੀ ਦੀ ਦੂਰੀ ਤੇ ਸ਼ਿਕਾਰੀ ਦੇਵੀ ਮਾਤਾ ਦਾ ਇਹ ਪ੍ਰਸਿੱਧ ਮੰਦਿਰ ਸਦੀਆਂ ਤੋਂ ਆਸਥਾ ਦਾ ਕੇਂਦਰ ਰਿਹਾ ਹੈ। ਸਮੁੰਦਰ ਤਲ ਤੋਂ ਇਸਦੀ ਉਂਚਾਈ 3360 ਮੀਟਰ ਹੈ। ਅਸੀਂ ਜਿਵੇਂ ਜਿਵੇਂ 1140 ਪੌੜੀਆਂ ਹੇਠਾਂ ਉਤਰ ਰਹੇ ਸੀ, ਦੇਖਦੇ ਹੀ ਦੇਖਦੇ ਸਭ ਪਾਸੇ ਧੁੰਦ ਫੈਲ ਗਈ, ਅਤੇ ਉਪਰ ਮੰਦਿਰ ਵੱਲ ਕੁੱਝ ਵੀ ਨਜ਼ਰ ਨਹੀਂ ਸੀ ਆ। ਹੇਠਾਂ ਪਹੁੰਚਦੇ ਸਾਰ ਹੀ ਕਿਣ-ਮਿਣ ਸ਼ੁਰੂ ਹੋ ਗਈ, ਬਾਅਦ ਵਿੱਚ ਪਤਾ ਲੱਗਾ ਕਿ ਇਹ ਸੰਘਣੀ ਧੁੰਦ ਨਹੀਂ ਸਗੋਂ ਬੱਦਲ ਹਨ, ਇਸ ਤੋਂ ਪਹਿਲਾਂ ਕਿ ਬਾਰਿਸ਼ ਤੇਜ਼ ਹੁੰਦੀ,ਅਸੀਂ ਬਿਨਾਂ ਦੇਰੀ ਗੱਡੀਆਂ ਸਟਾਰਟ ਕੀਤੀਆਂ ਅਤੇ ਵਾਪਸ ਜੰਝੈਲੀ ਲਈ ਚੱਲ ਪਏ। ਪੂਰੇ ਰਸਤੇ ਲਗਾਤਾਰ ਬਾਰਿਸ਼ ਹੁੰਦੀ ਰਹੀ, ਆਲੇ-ਦੁਆਲੇ ਦੇ ਜਾਦੂਮਈ ਦ੍ਰਿਸ਼ ਦੇਖ ਕੇ ਯਕੀਨ ਹੀ ਨਹੀਂ ਸੀ ਹੋ ਰਿਹਾ ਕਿ ਅਸੀਂ ਸਵੇਰੇ ਇਸੇ ਰਸਤੇ ਤੋਂ ਗਏ ਸਾਂ। ਅਸੀਂ ਸੜਕ ਤੇ ਨਹੀਂ ਬਲਕਿ ਬੱਦਲਾਂ ਉੱਤੇ ਗੱਡੀ ਚਲਾ ਰਹੇ ਸੀ। ਸ਼ਾਮ ਦੇਰ ਤੱਕ ਮੀਂਹ ਨਾ ਰੁਕਿਆ ਜਿਸ ਕਰਕੇ ਅਜਿਹੇ ਵਿੱਚ ਨਾਇਟ ਕੈਂਪਿੰਗ ਅਤੇ ਕੁਕਿੰਗ ਕਰਨਾ ਆਸਾਨ ਨਹੀਂ ਸੀ। ਜਿਸ ਕਰਕੇ ਅਸੀਂ ਹੋਮ ਸਟੇ ਵਿੱਚ ਹੀ ਰੁਕਣਾ ਮੁਨਾਸਿਬ ਸਮਝਿਆ। ਸਾਨੂੰ ਜੰਝੈਲੀ ਵੈਲੀ ਵਿਖੇ ਕਲੱਬ ਮਹਿੰਦਰਾ ਰਿਜ਼ੌਰਟ ਦੇ ਨਜ਼ਦੀਕ ਹੀ ਸਿਰਫ਼ 700/- ਵਿੱਚ ਹੋਮ ਸਟੇ ਮਿਲ ਗਿਆ (8894271075) ਜਿੱਥੇ ਖਾਣ ਦਾ ਵੀ ਪ੍ਰਬੰਧ ਸੀ। ਅਸੀਂ ਹੋਮ ਸਟੇ ਦੇ ਮਾਲਿਕ ਨੂੰ ਬੇਨਤੀ ਕੀਤੀ ਕਿ ਅਗਰ ਅਸੀਂ ਖ਼ੁਦ ਹੀ ਕੁਕਿੰਗ ਕਰੀਏ ਤਾਂ ਕੋਈ ਇਤਰਾਜ਼ ਤਾਂ ਨਹੀਂ ਹੋਵੇਗਾ। ਉਹਨਾਂ ਸਾਡੀ ਬੇਨਤੀ ਪ੍ਰਵਾਨ ਕਰਦੇ ਹੋਏ ਰੈਸਟੋਰੈਂਟ ਦੇ ਹਾਲ ਵਿੱਚ ਹੀ ਕੁਕਿੰਗ ਕਰਨ ਦੀ ਇਜਾਜ਼ਤ ਦੇ ਦਿੱਤੀ। ਸਾਡੇ ਲਈ ਇਸ ਤੋਂ ਵੱਧ ਕੇ ਹੋਰ ਵਧੀਆ ਕੀ ਹੋ ਸਕਦਾ ਸੀ। ਦੇਰ ਰਾਤ ਸ਼ਿਕਾਰੀ ਦੇਵੀ ਤੋਂ ਆਉਣ ਵਾਲੇ ਯਾਤਰੀਆਂ ਨੇਂ ਦੱਸਿਆ ਕਿ ਉਪਰ ਬਰਫਬਾਰੀ ਸ਼ੁਰੂ ਹੋ ਗਈ ਹੈ। ਅਸੀਂ ਹੈਰਾਨ ਸੀ ਕਿ ਜੂਨ ਮਹੀਨੇ ਬਰਫਬਾਰੀ ਇਹ ਕਿਵੇਂ ਹੋ ਸਕਦਾ ਹੈ। ਜਦੋਂ ਸੋਸ਼ਲ ਮੀਡੀਆ ਤੇ ਸ਼ਿਕਾਰੀ ਦੇਵੀ ਤਾਜ਼ਾ ਬਰਫਬਾਰੀ ਦੀਆਂ ਪੋਸਟਾਂ ਦੇਖੀਆਂ ਤਾਂ ਯਕੀਨ ਹੋਇਆ। ਰਾਤ ਨੂੰ ਠੰਢ ਵਿੱਚ ਰਜਾਈਆਂ ਦਾ ਨਿੱਘ ਮਾਣਦੇ ਹੋਏ ਬਹੁਤ ਹੀ ਵਧੀਆ ਨੀਂਦ ਆਈ।
ਸਵੇਰੇ ਉੱਠ ਕੇ ਤਿਆਰ ਹੋਏ ਅਤੇ ਖੁੱਦ ਹੀ ਨਾਸ਼ਤਾ ਬਣਾ ਕੇ ਖਾਦਾ ਅਤੇ ਘਰਾਂ ਵੱਲ ਨੂੰ ਤਿਆਰੀ ਖਿੱਚ ਦਿੱਤੀ। ਵਾਪਸੀ ਸਮੇਂ ਅਸੀਂ ਚਾਹੁੰਦੇ ਸੀ ਕਿ ਕੋਈ ਹੋਰ ਰੂਟ ਚੁਣਿਆਂ ਜਾਵੇ ਤਾਂ ਜੋ ਰਾਹ ਵਿੱਚ ਨਵੀਆਂ ਥਾਵਾਂ ਦੇਖੀਆਂ ਜਾ ਸਕਣ। ਲੋਕਲ ਲੋਕਾਂ ਨੂੰ ਪੁੱਛਣ ਤੇ ਪਤਾ ਲੱਗਾ ਕਿ ਇੱਕ ਰਸਤਾ ਸ਼ਟਾਧਾਰ ਹੁੰਦੇ ਹੋਏ ਸ਼ਿਰਾਜ ਵੈਲੀ ਥਾਚੀ ਤੋਂ ਔਤ ਸੁਰੰਗ ਨੂੰ ਜਾਂਦਾ ਹੈ ਅਤੇ ਇੱਕ ਸੜਕ ਪੰਡੋਹ ਡੈਮ ਜਾ ਨਿੱਕਲੀ ਹੈ। ਗੁੱਗਲ ਮੈਪ ਨੇਂ ਦੱਸਿਆ ਕਿ ਪੰਡੋਹ ਡੈਮ ਵਾਲਾ ਰਸਤਾ ਨੇੜੇ ਹੈ, ਅਸੀਂ ਉਸੇ ਨੂੰ ਮੰਨਦੇ ਹੋਵੇ ਨਵੇਂ ਰਸਤੇ ਤੇ ਗੱਡੀਆਂ ਤੋਰ ਲਈਆਂ। ਇਹ ਸੜਕ ਸੱਚੀਂ ਹੀ ਬਹੁਤ ਵਧੀਆ ਨਵੀਂ ਬਣੀ ਹੋਈ ਹੈ, ਚੌੜੀ ਹੈ ਅਤੇ ਇਸ ਪਾਸੇ ਟ੍ਰੈਫਿਕ ਵੀ ਨਾ ਮਾਤਰ ਹੈ। ਅਸੀਂ ਬਹੁਤ ਥੋੜ੍ਹੇ ਸਮੇਂ ਵਿੱਚ ਹੀ ਪੰਡੋਹ ਡੈਮ ਦੇ ਨਜ਼ਦੀਕ ਪਹੁੰਚ ਗਏ। ਰਾਹ ਵਿੱਚ ਇੱਕ ਬੇਹੱਦ ਖੂਬਸੂਰਤ ਸਥਾਨ ਮਿਲਿਆ, ਜਿੱਥੋਂ ਪੰਡੋਹ ਡੈਮ ਦੀ ਦਿਲਕਸ਼ ਝੀਲ ਨਜ਼ਰ ਆ ਰਹੀ ਸੀ ਅਤੇ ਉਸਦੇ ਦੂਸਰੇ ਪਾਸੇ ਨੈਸ਼ਨਲ ਹਾਈਵੇ ਤੇ ਮਨਾਲੀ ਵੱਲ ਨੂੰ ਜਾਂਦੀਆਂ ਹੋਈਆਂ ਗੱਡੀਆਂ ਵੀ ਦਿਖ ਰਹੀਆਂ ਸਨ। ਇਸ ਸਥਾਨ ਤੇ ਰੁੱਕ ਕੇ ਅਸੀਂ ਮੈਗੀ ਅਤੇ ਗੁੜ ਵਾਲੀ ਚਾਹ ਦਾ ਆਨੰਦ ਮਾਣਿਆ। ਇਸ ਸਥਾਨ ਤੋਂ ਸਾਫ਼ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਬਿਆਸ ਦਰਿਆ ਦੇ ਖੱਬੇ ਪਾਸੇ ਉੱਚੀਆਂ ਪਹਾੜੀਆਂ ਵਿੱਚ ਪਰਾਸ਼ਰ ਝੀਲ ਮੌਜੂਦ ਹੈ ਅਤੇ ਬਿਆਸ ਦਰਿਆ ਦੇ ਸੱਜੇ ਪਾਸੇ ਮਾਤਾ ਸ਼ਿਕਾਰੀ ਦੇਵੀ ਦਾ ਮੰਦਿਰ। ਇਹ ਦੋਵੇਂ ਥਾਵਾਂ ਦੇਖਣਯੋਗ ਹਨ, ਜਿੱਥੇ ਬਹੁਤ ਹੀ ਘੱਟ ਸੈਲਾਨੀ ਪਹੁੰਚੇ ਹਨ। ਅਗਰ ਦੇਖਿਆ ਜਾਵੇ ਤਾਂ ਕੁਦਰਤ ਦਾ ਅਸਲੀ ਸੁਹੱਪਣ ਤਾਂ ਸਿਰਫ਼ ਅਜਿਹੀਆਂ ਅਣਦੇਖੀਆਂ ਅਤੇ ਅਣਛੋਹੀਆਂ ਦੂਰ ਦਰਾਜ਼ ਦੀਆਂ ਇਕਾਂਤ ਥਾਵਾਂ ਤੇ ਹੀ ਮਹਿਫੂਜ਼ ਹੈ। ਬਾਕੀ ਪ੍ਰਸਿੱਧ ਥਾਵਾਂ ਤੇ ਤਾਂ ਸਿਰਫ਼ ਕੂੜੇ ਦੇ ਢੇਰ ਹੀ ਦੇਖਣ ਨੂੰ ਮਿਲਦੇ ਹਨ। ਕੁਦਰਤ ਦੀ ਗੋਦ ਵਿੱਚ ਵਸਿਆ ਜੰਝੈਲੀ ਵੈਲੀ ਦਾ ਇਹ ਪੂਰਾ ਇਲਾਕਾ ਪ੍ਰਾਕਿਰਤਕ ਸੁੰਦਰਤਾ ਦੇ ਨਾਲ-ਨਾਲ ਪੁਰਾਤਨ ਹਿਮਾਚਲੀ ਸੱਭਿਆਚਾਰ, ਲੱਕੜ ਅਤੇ ਪੱਥਰ ਦੇ ਪੁਰਾਣੇ ਘਰਾਂ ਅਤੇ ਲੋਕਲ ਹਿਮਾਚਲੀ ਖਾਣੇ ਲਈ ਵੀ ਪ੍ਰਸਿੱਧ ਹੈ। ਅਗਰ ਤੁਸੀਂ ਭੀੜ-ਭੜੱਕੇ ਵਾਲੀਆਂ ਥਾਵਾਂ ਤੋਂ ਦੂਰ ਰਹਿ ਕੇ ਕੁਦਰਤ ਦਾ ਆਨੰਦ ਮਾਣਦੇ ਹੋਏ ਯਾਦਗਾਰੀ ਪਲ ਬਿਤਾਉਣਾਂ ਚਾਹੁੰਦੇ ਹੋ ਤਾਂ,ਇਹ ਸਥਾਨ ਤੁਹਾਡੇ ਲਈ ਬਿਲਕੁਲ ਅਨੁਕੂਲ ਹੈ। ਅਗਰ ਦੇਖਿਆ ਜਾਵੇ ਤਾਂ ਸੈਲਾਨੀਆਂ ਦੀ ਭੀੜ ਤੋਂ ਦੂਰ ਸੁਕੂਨ ਭਰੀ ਕੁਦਰਤ ਦੀ ਗੋਦ ਵਿੱਚ ਪ੍ਰਮਾਤਮਾ ਦੀ ਹੋਂਦ ਨੂੰ ਮਹਿਸੂਸ ਕਰਨਾ ਆਪਣੇ ਆਪ ਵਿਲੱਖਣ ਅਤੇ ਆਨੰਦਦਾਇਕ ਅਹਿਸਾਸ ਹੁੰਦਾ ਹੈ।
ਜੋ ਘਰੋਂ ਨਿੱਕਲ ਕੇ ਅਣਜਾਣ ਥਾਵਾਂ ਦੀ ਖੋਜ ਕਰਦੇ ਹਨ, ਜ਼ਿੰਦਗੀ ਦੇ ਮੈਦਾਨ ਵਿੱਚ ਜਿੱਤ ਦਾ ਸੁਆਦ ਉਹੀ ਲੈ ਸਕਦੇ ਹਨ, ਕੁਦਰਤ ਸਾਨੂੰ ਇਹੀ ਸਿਖਾਉਂਦੀ ਹੈ ਕਿ ਜ਼ਿੰਦਗੀ ਦੀ ਖੇਡ ਨੂੰ ਬਿਨਾਂ ਰੁਕੇ ਨਿਰੰਤਰ ਅਤੇ ਨਿਰਬਿਘਨ ਖੇਡਦੇ ਰਹਿਣਾ ਚਾਹੀਦਾ ਹੈ। ਇਸ ਲਈ ਘਰ ਦੀ ਚਾਰ ਦਿਵਾਰੀ ਵਿੱਚੋਂ ਬਾਹਰ ਨਿੱਕਲੋ ਅਤੇ ਇਸ ਅਨੰਤ ਕਾਇਨਾਤ ਦੇ ਮੈਦਾਨ ਵਿੱਚ ਆਪਣੀ ਹੋਂਦ ਨੂੰ ਸਾਬਤ ਕਰੋ। ਕਿਉਂਕਿ ਅਸੀਂ ਇਸ ਸੰਸਾਰ ਤੇ ਜ਼ਿੰਦਗੀ ਜਿਊਣ ਆਏ ਹਾਂ, ਨਾ ਕਿ ਦਿਨ ਕੱਟਣ। ਇਸ ਲਈ ਜੋ ਮੈਦਾਨ ਵਿੱਚ ਉਤਰਦਾ ਹੈ,ਅਸਲ ਵਿੱਚ ਉਹੀ ਜਿੱਤਦਾ ਹੈ ਅਤੇ ਉਹੀ ਜੀਵਨ ਦਾ ਆਨੰਦ ਮਾਣਦਾ ਹੈ। ਇਸ ਲਈ ਆਓ ਘੁੰਮੀਏ ਤੇ ਆਪਣੀ ਜ਼ਿੰਦਗੀ ਦੀਆਂ ਯਾਦਾਂ ਦੀ ਤਿਜੋ਼ਰੀ ਨੂੰ ਅਣਮੋਲ ਪਲਾਂ ਨਾਲ ਭਰ ਦਈਏ। ਅਗਰ ਦੇਖਿਆ ਜਾਵੇ ਤਾਂ ਕੁਦਰਤ ਦੇ ਨਸ਼ੇ ਤੋਂ ਉੱਪਰ ਕੋਈ ਹੋਰ ਨਸ਼ਾ ਨਹੀਂ ਹੋ ਸਕਦਾ, ਬਾਕੀ ਬਨਾਵਟੀ ਨਸ਼ੇ ਤਾਂ ਕੁੱਝ ਸਮੇਂ ਬਾਅਦ ਉਤਰ ਜਾਂਦੇ ਹਨ। ਲੇਕਿਨ ਕੁਦਰਤ ਦੇ ਨਸ਼ੇ ਦਾ ਸਰੂਰ ਆਖ਼ਰੀ ਸਾਹਾਂ ਤੱਕ ਬਰਕਰਾਰ ਰਹਿੰਦਾ ਹੈ। ਕਾਸ਼ ਇਸ ਨਸ਼ੇ ਦੀ ਲੱਤ ਦੁਨੀਆਂ ਦੇ ਹਰ ਇੱਕ ਇਨਸਾਨ ਨੂੰ ਲੱਗ ਜਾਵੇ।
" ਆਓ ਦੇਸ਼ ਦੁਨੀਆਂ ਘੁੰਮੀਏਂ ਅਤੇ ਕਾਇਨਾਤੀ ਨਸ਼ੇ ਦੇ ਸਰੂਰ ਵਿੱਚ ਮਸਤ ਰਹੀਏ "
✍🏼 ਜਤਿੰਦਰ ਸੈਣੀ
8195080222