16/08/2026
" ਹਾਸ਼ਮ ਫਤਿਹ ਨਸੀਬ ਤਿੰਨਾਂ ਨੂੰ ਜਿਨਾਂ ਹਿੰਮਤ ਯਾਰ ਬਣਾਈ, ਕੰਮ ਨਾ ਆਵੇ ਰੋਣਾ ਧੋਣਾ, ਹਿੰਮਤ ਨਾਲ ਹਰ ਮੰਜ਼ਿਲ ਪਾਈ।"
ਸੋਹਣੇ ਨਗਰ ਲੱਧਾ ਮੁੰਡਾ ਦੀ ਇਹ ਗਰਾਊਂਡ, ਬੱਚਿਆਂ ਦੀ ਇਹ ਹਾਜ਼ਰੀ ਆਪਣੇ ਆਪ ਵਿੱਚ ਇੱਕ ਹਿੰਮਤ ਦੀ ਕਹਾਣੀ ਹੈ , ਇੰਨੀ ਵੱਡੀ ਗਿਣਤੀ ਦੇ ਵਿੱਚ ਆਸ ਪਾਸ ਦੇ ਪੰਜ ਛੇ ਪਿੰਡਾਂ ਦੇ ਬੱਚਿਆਂ ਦਾ ਇਸ ਗਰਾਊਂਡ ਵਿੱਚ ਬਿਨਾਂ ਨਾਗਾ ਫੁੱਟਬਾਲ ਖੇਡਣ ਲਈ ਆਉਣਾ ਉਸ ਹਿੰਮਤ ਨੂੰ ਬਖੂਬੀ ਦਰਸਾਉਂਦਾ ਹੈ, ਜਿਸ ਹਿੰਮਤ ਦੀ ਗੱਲ ਕਵੀ ਹਾਸ਼ਮ ਸ਼ਾਹ ਜੀ ਕਰਦੇ ਹਨ ।ਇਸੇ ਹਿੰਮਤ ਸਦਕਾ ਇਹ ਬੱਚੇ ਸਮਾਜ ਵਿੱਚ ਚੰਗੇ ਨਾਗਰਿਕ ਬਣਨਗੇ ਸਮਾਜ ਵਿੱਚ ਫੈਲੀਆਂ ਕੁਰੀਤੀਆਂ ਜਿਨਾਂ ਵਿੱਚ ਸਭ ਤੋਂ ਵੱਡੀ ਕੁਰੀਤੀ ਨਸ਼ਾ ਹੈ ਤੋਂ ਆਪਣੇ ਆਪ ਨੂੰ ਬਚਾ ਕੇ ਰੱਖਣਗੇ ਆਪਣੇ ਮਾਂ ਪਿਓ , ਆਪਣੇ ਨਗਰ ,ਆਪਣੇ ਇਲਾਕੇ ਦੇ ਨਾਮ ਨੂੰ ਉੱਚਾ ਕਰਨਗੇ ਤੇ ਇੱਕ ਸਫਲ ਇਨਸਾਨ ਦੀ ਤਰ੍ਹਾਂ ਜ਼ਿੰਦਗੀ ਜੀਣਗੇ।
ਜਿੱਥੇ ਇਸ ਗਰਾਊਂਡ ਦੇ ਪ੍ਰਬੰਧਕ ਵਧਾਈ ਦੇ ਪਾਤਰ ਹਨ ਉੱਥੇ ਇਸ ਨਗਰ ਦੀ ਖੁਸ਼ਨਸੀਬੀ ਹੈ ਕਿ ਉਸ ਕੋਲ ਇੰਨੀ ਸੋਹਣੀ ਗਰਾਊਂਡ ਹੈ ਤੇ ਇਹਨਾਂ ਬੱਚਿਆਂ ਦੀ ਦੇਖਭਾਲ ਕਰਨ ਲਈ ਆਪਣਾ ਕੀਮਤੀ ਸਮਾਂ ਕੁਝ ਸ਼ਖਸ਼ੀਅਤਾਂ ਵੱਲੋਂ ਦਿੱਤਾ ਜਾ ਰਿਹਾ ਹੈ।। ਪਿੰਡ ਵਿੱਚ ਚੱਲ ਰਹੇ ਜੇਐਮਐਸ ਫੁੱਟਬਾਲ ਕਲੱਬ ਲੱਧਾ ਮੁੰਡਾ ਜਿਸ ਦੇ ਮੈਂਬਰ ਇਲਾਕੇ ਦੀਆਂ ਹੀ ਪੰਜ ਛੇ ਪਿੰਡਾਂ ਦੇ ਮੋਹਤਵਾਰ ਸ਼ਖਸ਼ੀਅਤਾਂ ਹਨ ਉਹਨਾਂ ਵੱਲੋਂ ਵੀ ਇਸ ਗਰਾਊਂਡ ਅਤੇ ਕਲੱਬ ਨੂੰ ਬੱਚਿਆਂ ਦੇ ਵਿੱਚ ਖੇਡ ਨੂੰ ਪ੍ਰਫੁੱਲਤ ਕਰਨ ਲਈ ਬਹੁਤ ਵੱਡਾ ਸਹਾਰਾ ਦਿੱਤਾ ਜਾ ਰਿਹਾ ਹੈ ਅਤੇ ਨਿਸ਼ਕਾਮ ਸੇਵਾ ਕੀਤੀ ਜਾ ਰਹੀ ਹੈ।
ਇਸ ਗਰਾਊਂਡ ਦੇ ਖਿਡਾਰੀ ਛੋਟੇ ਬੱਚੇ ਇਲਾਕੇ ਦੇ ਵੱਖ ਵੱਖ ਕਲੱਬਾਂ ਦੇ ਵਿੱਚ ਆਪਣੀ ਖੇਡ ਦਾ ਜੌਹਰ ਵਿਖਾ ਰਹੇ ਹਨ ਇਸੇ ਗਰਾਊਂਡ ਵਿੱਚ ਗੁੜਤੀ ਲੈ ਕੇ ਉਹ ਬੱਚੇ ਬਾਹਰਲੀਆਂ ਅਕੈਡਮੀਜ ਅਤੇ ਆਪਣੀ ਰੋਜ਼ੀ ਰੋਟੀ ਲਈ ਫੌਜ ਵਿੱਚ ਵੀ ਭਰਤੀ ਹੋ ਚੁੱਕੇ ਹਨ।
ਸਮੇਂ ਦੀ ਸਰਕਾਰ ਨੇ ਵੀ ਇਸ ਗਰਾਊਂਡ ਦੀ ਅਹਿਮੀਅਤ ਨੂੰ ਸਮਝਦੇ ਹੋਏ ਇੱਥੇ ਸਟੇਡੀਅਮ ਮਨਜ਼ੂਰ ਕਰਕੇ ਉੰਨਤ ਖੇਡ ਮੈਦਾਨ ਵਜੋਂ( ਖੇਡ ਪਿੰਡ ਵਜੋਂ ਮਾਨਤਾ)ਇਸ ਗਰਾਊਂਡ ਨੂੰ ਚੁਣਿਆ ਜਿਸ ਦੇ ਵਿੱਚ ਹਰ ਤਰ੍ਹਾਂ ਦਾ ਪ੍ਰਬੰਧ ਕਰਕੇ ਦਿੱਤਾ ਗਿਆ ਹੈ।
ਸਮੂਹ ਪ੍ਰਬੰਧਕ ਸਾਹਿਬਾਨ ਅਤੇ ਇਲਾਕਾ ਨਿਵਾਸੀ ਇਸ ਗਰਾਊਂਡ ਦੀ ਅਤੇ ਬੱਚਿਆਂ ਦੀ ਚੜ੍ਹਦੀ ਕਲਾ ਲਈ ਹਮੇਸ਼ਾ ਹੀ ਤਤਪਰ ਹਨ।
ਇਸ ਪੇਜ ਦੇ ਮਾਧਿਅਮ ਰਾਹੀਂ ਇਲਾਕੇ ਦੇ ਸਮੂਹ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਸ਼ਖਸ਼ੀਅਤਾਂ ਨੂੰ ਸਾਡੀ ਬੇਨਤੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਇਸ ਗਰਾਊਂਡ ਦੇ ਨਾਲ ਜੋੜਨ ਤੇ ਨਾਲ ਦੀ ਨਾਲ ਗਰਾਉਂਡ ਵਿੱਚ ਖੇਡ ਰਹੇ ਬੱਚਿਆਂ ਦੇ ਉੱਪਰ ਹਮੇਸ਼ਾ ਹੀ ਆਪਣੀ ਨਜ਼ਰਸਾਨੀ ਬਣਾ ਕੇ ਰੱਖਣ, ਤਾਂ ਕਿ ਅਸੀਂ ਆਪਣੀਆਂ ਆਉਣ ਵਾਲੀਆਂ ਪੀੜੀਆਂ ਨੂੰ ਇੱਕ ਚੰਗੇ ਇਨਸਾਨ ਚੰਗੇ ਨਾਗਰਿਕ ਬਣਾ ਸਕੀਏ।