07/16/2025
ਕੈਨੇਡਾ ਹਾਕੀ ਕੱਪ 2025 ਯੂਨਾਈਟਡ ਯੂਬਾ ਬ੍ਰਦਰਜ਼ ਦੀ ਟੀਮ ਨੇ ਜਿੱਤਿਆ
S.S. Chohla-
ਵੈਸਟ ਕੋਸਟ ਕਿੰਗਜ਼ ਹਾਕੀ ਸੁਸਾਇਟੀ ਸਰੀ ਨੇ ਸਫਲ ਟੂਰਨਾਮੈਂਟ ਕਰਵਾਉਂਦਿਆਂ ਨਵੀਆਂ ਪੈੜਾਂ ਸਿਰਜੀਆਂ-
ਸਰੀ ( ਦੇ ਪ੍ਰ ਬਿ, ਮਾਂਗਟ )- ਫੀਲਡ ਹਾਕੀ ਦੇ ਖੇਤਰ ਵਿਚ ਕੌਮਾਂਤਰੀ ਪ੍ਰਸਿਧੀ ਪ੍ਰਾਪਤ ਵੈਸਟ ਕੋਸਟ ਕਿੰਗਜ਼ ਫੀਲਡ ਹਾਕੀ ਸੁਸਾਇਟੀ ਵਲੋਂ ਹਰ ਸਾਲ ਦੀ ਤਰਾਂ ਇਸ ਵਾਰ 11,12 ਤੇ 13 ਜੁਲਾਈ ਨੂੰ ਟਮੈਨਵਿਸ ਟਰਫ ਗਰਾਉਂਡ ਵਿਚ ਕਰਵਾਇਆ ਗਿਆ ਹਾਕੀ ਟੂਰਨਾਮੈਂਟ ਬਹੁਤ ਹੀ ਸ਼ਾਨੋਸ਼ੌਕਤ ਤੇ ਉਤਸ਼ਾਹਪੂਰਵਕ ਸੰਪੰਨ ਹੋਇਆ। ਟੂਰਨਾਮੈਂਟ ਦੇ ਫਾਈਨਲ ਵਿਚ ਯੁਨਾਈਟਡ ਯੂਬਾ ਬ੍ਰਦਰਜ ਦੀ ਟੀਮ ਨੇ ਤਸੱਵਰ ਇਲੈਵਨ ਨੂੰ 4-1 ਦੇ ਫਰਕ ਨਾਲ ਹਰਾਕੇ ਕੈਨੇਡਾ ਕੱਪ ਚੁੰਮਿਆ। ਫਾਈਨਲ ਮੈਚ ਬਹੁਤ ਹੀ ਸ਼ਾਨਦਾਰ ਤੇ ਦਿਲਚਸਪ ਰਿਹਾ। ਗਰਮੀ ਦੇ ਬਾਵਜੂਦ ਹਾਕੀ ਪ੍ਰੇਮੀਆਂ ਨੇ ਮੈਚ ਵੇਖਣ ਲਈ ਭਾਰੀ ਉਤਸ਼ਾਹ ਵਿਖਾਇਆ। ਜੇਤੂ ਟੀਮ ਨੂੰ ਪ੍ਰਬੰਧਕਾਂ ਵਲੋਂ ਕੈਨੇਡਾ ਕੱਪ ਅਤੇ 10,000 ਡਾਲਰ ਦੀ ਇਨਾਮੀ ਰਾਸ਼ੀ ਤੇ ਗੋਲਡ ਮੈਡਲਾਂ ਨਾਲ ਸਨਮਾਨਿਤ ਕੀਤਾ ਜਦੋਂਕਿ ਰਨਰ ਅੱਪ ਰਹਿਣ ਵਾਲੀ ਤਸੱਵਰ ਇਲੈਵਨ ਦੀ ਟੀਮ ਨੂੰ 5000 ਡਾਲਰ ਦੀ ਇਨਾਮੀ ਰਾਸ਼ੀ ਅਤੇ ਸਿਲਵਰ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ। ਲੜਕੀਆਂ ਦੇ ਵਰਗ ਵਿਚ ਫਾਈਨਲ ਵਿਚ ਵੈਸਟ ਕੋਸਟ ਕਿੰਗਜ ਕਲੱਬ ਤੇ ਇੰਡੀਆ ਕਲੱਬ ਵਿਚਾਲੇ ਦਿਲਚਸਪ ਮੁਕਾਬਲੇ ਦੌਰਾਨ ਵੈਸਟ ਕੋਸਟ ਕਲੱਬ ਦੀ ਟੀਮ ਜੇਤੂ ਰਹੀ। ਜੇਤੂ ਟੀਮ ਨੂੰ ਟਰਾਫੀ ਤੇ 3500 ਡਾਲਰ ਦੇ ਨਗਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ ਜਦੋਂਕਿ ਰਨਰ ਅੱਪ ਇੰਡੀਆ ਕਲੱਬ ਦੀ ਟੀਮ ਨੂੰ 2000 ਡਾਲਰ ਦੀ ਰਾਸ਼ੀ ਪ੍ਰਦਾਨ ਕੀਤੀ ਗਈ। ਫਾਈਨਲ ਮੈਚ ਉਪਰੰਤ ਜੇਤੂ ਟੀਮ ਨੂੰ ਜੇਤੂ ਕੱਪ ਤੇ ਟਰਾਫੀ ਨਾਲ ਸਨਮਾਨਿਤ ਕਰਨ ਤੋਂ ਪਹਿਲਾਂ ਟੂਰਨਾਮੈਂਟ ਦੇ ਸਰਬੋਤਮ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ। ਇਹਨਾਂ ਵਿਚ ਬੈਸਟ ਫਾਰਵਰਡ ਜੇਕ ਵੈਟਨ ਆਸਟਰੇਲੀਅਨ ਖਿਡਾਰੀ, ਬੈਸਟ ਸਕੋਰਰ ਪਲੇਅਰ ਕਾਜੀ ਯਾਮਾਸਾਕੀ, ਬੈਸਟ ਡਿਫੈਂਡਰ ਮੈਕਸੀ ਯੁਨਾਈਟਡ ਯੂਬਾ ਬ੍ਰਦਰਜ, ਬੈਸਟ ਗੋਲਕੀਪਰ ਫਲੋਰੀਅਨ ਸਾਈਮਨ, ਮੋਸਟ ਵੈਲਿਊਏਬਲ ਪਲੇਅਰ ਜੋਪ ਟਰੂਸਟ ਤੇ ਫੇਅਰ ਪਲੇਅ ਐਵਾਰਡ ਦਸਮੇਸ਼ ਫੀਲਡ ਹਾਕੀ ਕਲੱਬ ਨੂੰ ਦਿੱਤਾ ਗਿਆ। ਟੂਰਨਾਮੈਂਟ ਦੌਰਾਨ ਅੰਡਰ 12, ਅੰਡਰ 14, ਅੰਡਰ 17, 55 ਪਲੱਸ ਲੀਜੈੰਡ ਡਵੀਜ਼ਨ, ਤੇ ਸੋਸ਼ਲ ਡਵੀਜ਼ਨ ਮੁਕਾਬਲੇ ਵੀ ਕਰਵਾਏ ਗਏ। ਤਿੰਨ ਦਿਨ ਚੱਲੇ ਟੂਰਨਾਮੈਂਟ ਦੌਰਾਨ ਵੈਸਟ ਕੋਸਟ ਕਿੰਗਜ਼ ਸੁਸਾਇਟੀ ਦੇ ਸੀਨੀਅਰ ਮੈਂਬਰ ਊਧਮ ਸਿੰਘ ਹੁੰਦਲ ਨੇ ਬਹੁਤ ਹੀ ਵਧੀਆ ਢੰਗ ਨਾਲ ਕੁਮੈਂਟਰੀ ਅਤੇ ਮੰਚ ਸੰਚਾਲਕ ਦੀਆਂ ਜਿੰਮੇਵਾਰੀਆਂ ਨਿਭਾਈਆਂ। ਟੂਰਨਾਮੈਂਟ ਦੌਰਾਨ ਸਰੀ ਦੀ ਮੇਅਰ ਬਰੈਂਡਾ ਲੌਕ, ਐਮ ਪੀ ਤੇ ਰਾਜ ਮੰਤਰੀ ਰਣਦੀਪ ਸਿੰਘ ਸਰਾਏ, ਐਮ ਪੀ ਸੁਖ ਧਾਲੀਵਾਲ, ਐਮ ਐਲ ਏ ਮਨਦੀਪ ਸਿੰਘ ਧਾਲੀਵਾਲ ਤੋਂ ਇਲਾਵਾ ਕਈ ਪ੍ਰਮੁੱਖ ਹਸਤੀਆਂ ਨੇ ਹਾਜ਼ਰੀ ਭਰੀ ਤੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ। ਫਾਈਨਲ ਮੈਚ ਉਪਰੰਤ ਇਨਾਮਾਂ ਦੀ ਵੰਡ ਸਮੇਂ ਐਮ ਐਲ ਏ ਮਨਦੀਪ ਸਿੰਘ ਧਾਲੀਵਾਲ, ਉਘੇ ਬਿਜਨੈਸਮੈਨ ਹਰਮੀਤ ਸਿੰਘ ਖੁੱਡੀਆਂ, ਗੁਰਮਿੰਦਰ ਸਿੰਘ ਪਰਿਹਾਰ, ਨਰਿੰਦਰ ਗਰੇਵਾਲ, ਕ੍ਰਿਪਾਲ ਸਿੰਘ ਮਾਂਗਟ, ਅਜਮੇਰ ਸਿੰਘ ਢਿੱਲੋਂ ਸਾਬਕਾ ਚੇਅਰਮੈਨ, ਉਘੀ ਮਹਿਲਾ ਆਗੂ ਤ੍ਰਿਪਤ ਅਟਵਾਲ, ਹਾਕੀ ਉਲੰਪੀਅ ਤੋਚੀ ਸੰਧੂ, ਗੁਰਜੰਟ ਸਿੰਘ ਸੰਧੂ, ਸੁਸਾਇਟੀ ਦੇ ਅਹੁੇਦਦਾਰ ਤੇ ਹੋਰ ਕਈ ਸ਼ਖਸੀਅਤਾਂ ਹਾਜ਼ਰ ਸਨ। ਆਖਰ ਵਿਚ ਊਧਮ ਸਿੰਘ ਹੁੰਦਲ ਨੇ ਟੂਰਨਾਮੈਂਟ ਦੇ ਮੁਕੰਮਲ ਹੋਣ ਅਤੇ ਅਗਲੇ ਸਾਲ ਜੁਲਾਈ ਵਿਚ ਟੂਰਨਾਮੈਂਟ ਦੀਆਂ ਡੇਟਾਂ ਦਾ ਐਲਾਨ ਕੀਤਾ।