22/06/2024
ਪਿੰਡ ਚੱਲੀਏ ਯਾਰਾ !
ਪਿੰਡ ਜਾਣ ਦੇ ਖਿਆਲ ਨਾਲ ਈ ਕਿਵੇਂ ਰੋਮ ਰੋਮ ਨੂੰ ਪਤਾ ਲਗ ਜਾਂਦੈ ਕਿ ਗੱਲ ਕੀ ਹੋ ਰਹੀ ਆ…
ਪਿੰਡ ਦੀਆਂ ਗਲੀਆਂ, ਮੁਹੱਲੇ, ਰੁੱਖ, ਬੂਟੇ, ਖੂਹ, ਖੇਤ, ਵਾਹਣ, ਡੰਡੀਆਂ, ਰਾਹ, ਪਹੀਆਂ, ਬਲਦ, ਵੈੜ੍ਹਕੇ, ਰੇੜੀਆਂ, ਗੱਡੇ, ਪਸ਼ੂ, ਛੱਪੜ, ਰੂੜੀਆਂ, ਵਾੜੇ, ਹਵੇਲੀਆਂ, ਬੂਹਿਆਂ ਦੇ ਰੰਗ ਢੰਗ ਸਾਨੂੰ ਸਭ ਕੁਝ ਵੀ ਉਵੇਂ ਯਾਦ ਆ… ਕਿਵੇਂ ਖੁੱਲ੍ਹੇ-ਵਿਹੜੇ ਚ ਬਣੇ ਚੁਲੇ-ਚੌਂਤੇ ਤੋਂ ਲੈ ਕੇ ਸੱਥਾਂ ਵਿੱਚ ਨਿੱਕੀਆਂ ਰੋਜ਼-ਮਰ੍ਹਾ ਦੀਆਂ ਗਲਾਂ ‘ਤੇ ਈ ਰਲ ਮਿਲ ਠਹਾਕੇ ਲਾ ਹੱਸੀ ਜਾਂਦੇ ਹੁੰਦੇ ਸੀ ਯਰ…
ਘਰ ਦੇ ਦਰਾਂ ਤੋਂ ਜਦੋਂ ਬੱਚੇ ਦੀਆ ਕਿਲਕਾਰੀਆਂ ਕਰਿਆਨੇ ਦੀ ਦੁਕਾਨ ਵੱਲ ਨੂੰ ਜਾਂਦੀਆਂ ਸੀ, ਤਾਂ ਉਨ੍ਹਾਂ ਕਿਲਕਾਰੀਆਂ ‘ਚ ਮਣਾਂ ਮੂੰਹੀ ਚਾਹ ਹੁੰਦਾ ਸੀ, ਜਿਵੇਂ ਉਹਨੂੰ “ਕੌਰੂਆਂ” ਦਾ ਖ਼ਜ਼ਾਨਾ ਮਿਲ ਗਿਆ ਹੋਵੇ ਤੇ ਉਹਨੇ ਅੱਜ ਲਾਲੇ ਦੀ ਦੁਕਾਨ ਖ਼ਰੀਦ ਲਿਆਉਣੀ ਆ… ਉਹ ਜਾਂਦੇ ਦਰਜ਼ੀ ਨਾਲ ਗਲਾਂ ਕਰਦਾ, ਮਨਿਆਰੀ ਤੋਂ ਭਾਅ ਪੁੱਛਦਾ, ਡਾਕੂ-ਡਾਕਟਰ ਦੀ ਦੁਕਾਨ ਵੱਲ ਟੇਢੀ ਜਹੀ ਅੱਖ ਨਾਲ ਦੇਖਦਾ, ਫਿਰ ਕਾਮੇ, ਵਿਹਲੜ, ਵੈਲੀਆਂ ਦੀਆਂ ਮੁੱਛਾਂ, ਬਜ਼ੁਰਗਾਂ ਦੀਆਂ ਦਾੜ੍ਹੀਆਂ, ਪੱਗਾਂ ਦੇ ਅੰਦਾਜ਼, ਬੁੱਢੀਆਂ ਦੇ ਚੁੰਨੀ ਲੈਣ ਦਾ ਅੰਦਾਜ਼ ਤੋਂ ਲੈ ਕੇ ਕੁੜੀਆਂ ਦੀਆਂ ਤੋਰਾਂ, ਸਾਇਕਲ ਦੀਆਂ ਟੱਲੀਆਂ, ਅਤੇ ਮੌਟਰ-ਸਾਇਕਲ ਦੀਆਂ ਅਵਾਜ਼ ਕੱਢਦਾ… ਟਰਰਰਰਰਰ… ਸਲੂਣੀ ਜਹੀ “ਰਾਮਾ ਟੋਫ਼ੀ” ਦੀਆਂ ਚੁਸਕੀਆਂ ਲੈੰਦੇ ਸਾਹੋ ਸਾਹੀ ਹੋਇਆ ਜਦੋਂ ਘਰ ਆਉਂਦਾ, ਤਾਂ ਪਿੰਡ ਦੀਆਂ ਆਮ ਜਹੀਆਂ ਖ਼ਬਰਾਂ, ਬੜੇ ਨਾਟਕੀ ਅੰਦਾਜ਼ ‘ਚ ਚਸਕੇ ਲੈ ਲੈ ਕੇ ਸੁਣਾਉਂਦਾ… ਮੰਮੀ ਤੈਨੂੰ ਪਤਾ… ਹਨਾ… ਹਨਾ… ਹਨਾ…
ਬੱਚੇ ਮੂੰਹੋਂ ਸਾਰੇ ਪਿੰਡ ਦੀਆਂ ਖਬਰਾਂ ਸੁਣਦੀ ਮਾਂ ਬੱਚੇ ਨੂੰ ਮਲ ਮਲ ਕੇ ਨਵਾਉਂਦੀ ਤੇ ਆਂਹਦੀ… “ਵੇ ਤੈਨੂੰ ਘਰੇ ਟੇਕ ਨੀ ਆਉਂਦੀ… ਸਾਰਾ ਦਿਨ ਧੁੱਪ ‘ਚ ਸੜਦਾ ਫਿਰਦਾਂ”… “ਉਹ ਮੰਮੀ…” ਕਹਿ ਕੇ ਫਿਰ ਐਸੀ ਗਾਥਾ ਸ਼ੁਰੂ ਕਰਦਾ ਕਿ ਦੋਹੇਂ ਇਕ ਸੁਰ ਹੋ ਜਾਂਦੇ ਆ, ਸਭ ਸਾਂਝਾ ਹੋ ਜਾਂਦਾ ਸੀ, ਬੱਚਾ ਛਾਂਵੇਂ ਪਹੁੰਚ ਜਾਂਦਾ… ਤੇ ਠੰਡੀ ਮਾਂ ਹੋ ਜਾਂਦੀ ਸੀ…
ਜਿਵੇਂ ਬੱਚੇ ਦੇ ਸੁਭਾਅ ਨੂੰ ਇਕ ਮਾਂ ਜਾਣਦੀ ਹੁੰਦੀ ਆ, ਏਦਾਂ ਈ ਤਾਂ ਆਵਦੇ ‘ਚ ਰਹਿੰਦੇ ਹਰ ਵਸਨੀਕ ਦਾ ਸੁਭਾਅ ਪਿੰਡ ਜਾਣਦਾ ਹੁੰਦਾ।
ਕਿਉਂ, ਪਤਾ ਹੁੰਦਾ ਕਿ ਨਹੀਂ ! ਸਾਨੂੰ ਇਕ ਦੂਜੇ ਦੇ ਸੁਭਾਵਾਂ ਦਾ ? ਅਸੀਂ ਸਾਰੇ ‘ਕੱਲੇ ‘ਕੱਲੇ ਤਾਂ ਸਿਰਫ਼ ਪਿੰਡੇ (ਸਰੀਰ) ਈ ਤੁਰੇ ਫਿਰਦੇ ਆਂ ਯਰ, ਜਦੋਂ ਮਿਲਦੇ ਆਂ ਤਾਂ ਪਿੰਡ ਬਣ ਜਾਣੇ, ਜਿਹੜਾ ਇਸ ਪਿੰਡੇ ਤੋਂ ਕਿਤੇ ਪੁਰਾਣਾ… ਇਹ ਪਿੰਡਾ ਤਾਂ ਪਿੰਡ ਦੀ ਔਲਾਦ ਆ… ਤੇ ਸਾਡਾ ਪਿੰਡ ਸਾਨੂੰ ਹਮੇਸ਼ਾ ਸਾਡੀ ਮਾਂ ਵਾਂਗ ਉਡੀਕਦਾ ਹੁੰਦਾ… ਜਿਵੇਂ ਮੂੰਹੋਂ ਮਾਂ ਨਿਕਲਦਾ, ਉਵੇਂ ਈ ਤਾਂ ਸਾਡੇ ਮੂੰਹੋਂ ਪਿੰਡ ਨਿਕਲਦਾ, ਪਿੰਡ ਆਖਦਿਆਂ ਕਿਵੇਂ ਰੋਮ ਰੋਮ ਨੱਚਣ ਲਗਦਾ… ਸੰਸਾਰ ਦੀਆਂ ਬਾਕੀ ਸਭ ਜਗਾਵਾਂ ਦੇ ਨਾਮ ਲੱਖ ਸੋਹਣੇ ਹੋਣਗੇ, ਪਰ ਪਿੰਡ ਸ਼ਬਦ ਨਾਵਾਂ ਤੋਂ ਪਰੇ ਆ, ਸਾਡੀ ਭਾਵਨਾ ਐ, ਮਾਂ ਐ, ਪਿਉ ਐ, ਸੱਭਿਆਚਾਰ ਐ, ਸਾਡਾ ਪਹਿਲਾ ਤੇ ਆਖ਼ਰੀ ਪਿਆਰ ਐ…
ਚੱਲ ਪਿੰਡ ਚਲੀਏ ਯਾਰਾ…
-ਇੰਦਰ ਬਾਜਵਾ
Pinda Ale
ਸਾਡਾ ਪਿੰਡ sada pind
Aapna Pind Bajwa Kalan