17/11/2022
" ਬਾਬਾ ਨੌਧ ਸਿੰਘ ਜੀ ਕੌਣ ਹਨ "
ਬਾਬਾ ਨੌਧ ਸਿੰਘ ਦਾ ਜਨਮ 1662 ਈ: ਨੂੰ ਪਿੰਡ ਚੀਚਾ ਜ਼ਿਲ੍ਹਾ ਅੰਮ੍ਰਿਤਸਰ ਵਿਚ ਪਿਤਾ ਬਾਬਾ ਲੱਧਾ ਜੀ ਨੰਬਰਦਾਰ ਦੇ ਘਰ ਹੋਇਆ। ਬਾਬਾ ਸੇਵਾ ਸਿੰਘ ਆਪ ਦੇ ਵੱਡੇ ਭਰਾ ਸਨ। ਆਪ ਦੋਵਾਂ ਭਰਾਵਾਂ ਨੇ ਪਵਿੱਤਰ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਤੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਉਪਰੰਤ ਦੋਵੇਂ ਭਰਾ ‘ਗੁੱਜਰ ਸਿੰਘ ਭੰਗੀ‘ ਦੇ ਜਥੇ ਦੇ ਸਰਗਰਮ ਮੈਂਬਰ ਬਣ ਗਏ। 29 ਮਾਰਚ, 1748 ਨੂੰ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਵਿਖੇ ਸਰਬੱਤ ਖਾਲਸੇ ਦੇ ਇਕੱਠ ਵਿਚ 65 ਜਥਿਆਂ ਨੂੰ 11 ਮਿਸਲਾਂ ਵਿਚ ਵੰਡਿਆ ਗਿਆ। ਬਾਬਾ ਦੀਪ ਸਿੰਘ ਜੀ ਨੂੰ ਮਿਸਲ ਸ਼ਹੀਦਾਂ ਦਾ ਜਥੇਦਾਰ ਥਾਪਿਆ ਗਿਆ। ਕੁਝ ਸਮੇਂ ਬਾਅਦ ਬਾਬਾ ਨੌਧ ਸਿੰਘ ਨੇ ਆਪਣੀ ਮਿਸਲ ਦੀ ਅਗਵਾਈ ਕਰਦਿਆਂ 5 ਪਿੰਡਾਂ ‘ਤੇ ਕਬਜ਼ਾ ਜਮਾ ਲਿਆ। ਉਸ ਵਕਤ ਬਾਬਾ ਦੀਪ ਸਿੰਘ ਜੀ ਦਮਦਮਾ ਸਾਹਿਬ ਵਿਚ ਸਨ।
ਇਧਰ ਬਾਬਾ ਨੌਧ ਸਿੰਘ ਨੇ ਵੀ ਆਪਣੀ ਸਾਰੀ ਜ਼ਿੰਮੇਵਾਰੀ ਆਪਣੇ ਚਾਰ ਸਪੁੱਤਰਾਂ ਬਾਬਾ ਗੁਰਬਖਸ਼ ਸਿੰਘ, ਭਾਗ ਸਿੰਘ, ਆਗਿਆ ਸਿੰਘ ਤੇ ਛੋਟੇ ਬਾਬਾ ਅੱਕਾ ਸਿੰਘ ਨੂੰ ਸੌਂਪ ਕੇ ਆਪ ਬਾਬਾ ਦੀਪ ਸਿੰਘ ਪਾਸ ਦਮਦਮਾ ਸਾਹਿਬ ਚਲੇ ਗਏ। ਬਾਬਾ ਦੀਪ ਸਿੰਘ ਜੀ ਨੇ ਆਪ ਨੂੰ ਆਪਣੇ ਜਥੇ ਦੇ ਮੀਤ ਜਥੇਦਾਰ ਵਜੋਂ ਸੇਵਾ ਸੌਂਪ ਦਿੱਤੀ। ਉਧਰ ਅਬਦਾਲੀ ਨੇ ਆਪਣੇ ਪੁੱਤਰ ਤੈਮੂਰ ਸ਼ਾਹ, ਜਰਨੈਲ ਜਹਾਨ ਖਾਂ ਅਤੇ ਸਰਬੁਲੰਦ ਖਾਂ ਨੂੰ ਅੰਮ੍ਰਿਤਸਰ ਸਿੱਖਾਂ ਦਾ ਮਲੀਆਮੇਟ ਕਰਨ ਲਈ ਭੇਜਿਆ। ਇਨ੍ਹਾਂ ਦੋਵਾਂ ਨੇ ਆਉਂਦਿਆਂ ਹੀ ਸਿੱਖਾਂ ਨੂੰ ਮੌਤ ਦੇ ਘਾਟ ਉਤਾਰਨਾ ਸ਼ੁਰੂ ਕਰ ਦਿੱਤਾ, ਪਵਿੱਤਰ ਹਰਿਮੰਦਰ ਸਾਹਿਬ ਦੀ ਮਰਿਆਦਾ ਭੰਗ ਕੀਤੀ, ਪਵਿੱਤਰ ਸਰੋਵਰ ਨੂੰ ਮਿੱਟੀ ਨਾਲ ਪੂਰ ਦਿੱਤਾ ਤੇ ਆਪਣੀਆਂ ਮਨਮਾਨੀਆਂ ਕਰਨ ਲੱਗੇ। ਇਹ ਖ਼ਬਰ ਭਾਗ ਸਿੰਘ ਨਿਹੰਗ ਸਿੰਘ ਨੇ ਦਮਦਮਾ ਸਾਹਿਬ ਜਾ ਕੇ ਬਾਬਾ ਦੀਪ ਸਿੰਘ ਜੀ ਨੂੰ ਦੱਸੀ। ਉਸ ਵਕਤ ਬਾਬਾ ਜੀ ਬਾਣੀ ਲਿਖ ਰਹੇ ਸਨ।
ਬਾਬਾ ਦੀਪ ਸਿੰਘ ਜੀ ਸਿੰਘਾਂ ਨੂੰ ਇਕੱਠੇ ਕਰਕੇ ਮਾਝੇ ਦੀ ਧਰਤੀ ‘ਤੇ ਪਹੁੰਚ ਗਏ। ਇਹ ਗੱਲ 1757 ਈ: ਦੀ ਹੈ। ਸਿੰਘਾਂ ਤੇ ਦੁਰਾਨੀਆਂ ਦਾ ਟਾਕਰਾ ਪਿੰਡ ਗੋਹਲਵੜ ਦੇ ਮੈਦਾਨ ਵਿਚ ਹੋਇਆ। ਸਿੰਘ ਤੇ ਦੁਰਾਨੀ ਲੜਦੇ ਹੋਏ ਪਿੰਡ ਚੱਬਾ ਅਤੇ ਪਿੰਡ ਵਰਪਾਲ ਦੀ ਸਾਂਝੀ ਜੂਹ ‘ਚ ਆਹਮੋ-ਸਾਹਮਣੇ ਹੋ ਗਏ। ਬਾਬਾ ਜੀ ਨੂੰ ਵੈਰੀਆਂ ਦੇ ਟਿੱਡੀ ਦਲ ਨੇ ਘੇਰਾ ਪਾ ਲਿਆ।
ਸਿੱਖਾਂ ਦਾ ਵੀ ਬਹੁਤ ਨੁਕਸਾਨ ਹੋਇਆ। ਇਸ ਯੁੱਧ ਵਿੱਚ 9000 ਸਿੰਘ ਸ਼ਹੀਦ ਹੋਏ ਤੇ 28000 ਅਬਦਾਲੀ ਦੇ ਫ਼ੌਜੀ ਨਾਮਵਰ ਸਿੰਘ ਇਸ ਯੁੱਧ ਵਿਚ ਵੈਰੀ ਨਾਲ ਲੋਹਾ ਲੈਂਦੇ ਸ੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਲਈ ਸ਼ਹੀਦ ਹੋ ਗਏ। ਨੌ ਲੱਖੀ ਪੱਟੀ ਦਾ ਹਾਕਮ ਕਾਸਮ ਖਾਨ ਨੇ ਬਾਬਾ ਨੌਧ ਸਿੰਘ ਜੀ ਨੂੰ ਲਲਕਾਰਿਆ ਬਾਬਾ ਜੀ ਨੇ ਓਸ ਨੂੰ ਪਹਿਲਾ ਵਾਰ ਕਰਨ ਲਈ ਆਖਿਆ ਬਾਬਾ ਜੀ ਨੇ ਓਸ ਦਾ ਵਾਰ ਢਾਲ ਓਤੇ ਰੋਕ ਲਿਆ , ਤੇ ਬਾਬਾ ਜੀ ਨੇ ਫੇਰ ਐਸਾ ਵਾਰ ਕੀਤਾ ਕਾਸਮ ਖਾਨ ਦਾ ਸਿਰ ਧਰ ਨਾਲੋ ਵੱਖ ਕਰ ਦਿੱਤਾ , ਇਹ ਵੇਖ ਫੌਜ ਨੇ ਬਾਬਾ ਜੀ ਤੇ ਹਮਲਾ ਕਰ ਕੇ ਸ਼ਹੀਦ ਕਰ ਦਿੱਤਾ , ਸ਼ਹੀਦੀ ਵੇਲੇ ਬਾਬਾ ਜੀ ਦੀ ਉਮਰ 95 ਸਾਲ ਸੀ।ਹੁਣ ਬਾਬਾ ਜੀ ਦਾ ਅਸਥਾਨ ਤਰਨਤਾਰਨ ਰੋਡ ਤੇ ਚੱਬੇ ਵਿੱਖੇ ਸਥਿਤ ਹੈ , ਹਰ ਕੋਈ ਰਾਹਗੀਰ ਬਾਬਾ ਜੀ ਦੇ ਅਸਥਾਨ ਤੇ ਰੁਕ ਕੇ ਬਾਬਾ ਜੀ ਦੇ ਚਰਨਾਂ ਵਿੱਚ ਸੀਸ਼ ਝੁਕਾ ਕੇ ਲੰਗਦਾ ਹੈ।